ਨਵੀਂ ਦਿੱਲੀ, 7 ਅਗਸਤ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 2009 ਵਿੱਚ ਭਾਰਤੀ ਹਵਾਈ ਫੌਜ ਲਈ 75 ਪਿਲਾਟਸ ਟਰੇਨਰ ਜਹਾਜ਼ਾਂ ਦੀ ਖਰੀਦ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਧਨ ਸੋਧ ਦੇ ਮਾਮਲੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਕਈ ਕੰਪਲੈਕਸਾਂ ਤੇ ਛਾਪੇ ਮਾਰੇ| ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦਿੱਲੀ ਵਿੱਚ ਕਈ ਅਤੇ ਗੁਰੂਗ੍ਰਾਮ ਅਤੇ ਸੂਰਤ ਵਿੱਚ ਇਕ-ਇਕ ਸਥਾਨ ਸਮੇਤ ਘੱਟੋ-ਘੱਟ 14 ਕੰਪਲੈਕਸਾਂ ਤੇ ਛਾਪੇਮਾਰੀ ਦੀ ਕਾਰਵਾਈ ਕਰ ਰਹੀ ਹੈ| ਉਨ੍ਹਾਂ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਸੌਦੇ ਦੀ ਜਾਂਚ ਲਈ ਧਨ ਸੋਧ ਦਾ ਮਾਮਲਾ ਦਰਜ ਕੀਤਾ ਹੈ ਅਤੇ ਉਹ ਇਹ ਕਾਰਵਾਈ ਧਨ ਸੋਧ ਰੋਕਥਾਮ ਕਾਨੂੰਨ (ਪੀ.ਐਮ.ਐਲ.ਏ.) ਦੇ ਅਧੀਨ ਸਬੂਤ ਇਕੱਠੇ ਕਰਨ ਲਈ ਕਰ ਰਹੀ ਹੈ|
ਇਹ ਮਾਮਲਾ ਫਰਾਰ ਚੱਲ ਰਹੇ ਹਥਿਆਰ ਕੰਸਲਟੈਂਟ ਸੰਜੇ ਭੰਡਾਰੀ ਨਾਲ ਜੁੜਿਆ ਹੋਇਆ ਹੈ, ਜੋ ਦੇਸ਼-ਵਿਦੇਸ਼ ਵਿੱਚ ਕਥਿਤ ਤੌਰ ਤੇ ਅਣਐਲਾਨੀ ਜਾਇਦਾਦ ਰੱਖਣ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਸੀ.ਬੀ.ਆਈ. ਅਤੇ ਈ.ਡੀ. ਦੀ ਵੱਖ-ਵੱਖ ਜਾਂਚ ਦਾ ਸਾਹਮਣਾ ਕਰ ਰਿਹਾ ਹੈ| ਸੀ.ਬੀ.ਆਈ. ਨੇ ਪਿਛਲੇ ਸਾਲ ਜੂਨ ਵਿੱਚ 2,895 ਕਰੋੜ ਦੇ ਪਿਲਾਸਟ ਸੌਦੇ ਵਿੱਚ ਅਪਰਾਧਕ ਮਾਮਲਾ ਦਾਇਰ ਕੀਤਾ ਸੀ| ਸੀ.ਬੀ.ਆਈ. ਨੇ ਸਵਿਟਜ਼ਰਲੈਂਡ ਦੀ ਕੰਪਨੀ ਪਿਲਾਟਸ ਏਅਰਕ੍ਰਾਫਟ ਲਿਮਟਿਡ, ਰੱਖਿਆ ਮੰਤਰਾਲੇ, ਭਾਰਤੀ ਹਵਾਈ ਫੌਜ ਦੇ ਅਣਪਛਾਤੇ ਅਧਿਕਾਰੀਆਂ ਅਤੇ ਭੰਡਾਰੀ ਵਿਰੁੱਧ ਮਾਮਲਾ ਦਰਜ ਕੀਤਾ ਸੀ| 2009 ਵਿੱਚ ਹੋਏ ਇਸ ਕਰਾਰ ਲਈ ਸਵਿਸ ਕੰਪਨੀ ਬੋਲੀ ਲਗਾਉਣ ਵਾਲੀਆਂ ਕੰਪਨੀਆਂ ਵਿੱਚੋਂ ਇਕ ਸੀ|