ਲੁਧਿਆਣਾ, 1 ਅਗਸਤ 2020 – ਪੰਜਾਬ ਦੇ ਬਟਾਲਾ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 46 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਬੈਂਸ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਸਾਫ਼ ਤੌਰ ਤੇ ਇਹਨਾਂ ਨਜਾਇਜ਼ ਫੈਕਟਰੀਆਂ ਦੇ ਸਬੰਧ ਸਿਆਸੀ ਆਗੂਆਂ ਨਾਲ ਹੋਣ ਦੇ ਦਾਅਵੇ ਕੀਤੇ ਨੇ, ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਬਾਹਰ ਆ ਕੇ ਪੰਜਾਬ ਦੇ ਹਾਲਾਤ ਵੇਖਣ ਅਤੇ ਇਹਨਾਂ ਦੇ ਕਾਬੂ ਕਰਨ।
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਖੰਨਾ, ਸ਼ੰਭੂ ਬਾਰਡਰ ਦੇ ਨੇੜੇ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਨੇ ਉਨ੍ਹਾਂ ਵਿੱਚ ਨਜਾਇਜ ਤੌਰ ‘ਤੇ ਸ਼ਰਾਬ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਹੀ ਬਣਾ ਕੇ ਵੇਚ ਰਹੇ ਸਨ, ਉਨ੍ਹਾਂ ਸ਼ਰੇਆਮ ਕਿਹਾ ਕਿ ਪੰਜਾਬ ਪੁਲਿਸ ਇਸ ਮਾਮਲੇ ਦੇ ਲਈ ਹੱਥ ‘ਤੇ ਹੱਥ ਧਰੀ ਬੈਠੀ ਹੈ ਕਿਉਂਕਿ ਉਹਨਾਂ ਉੱਤੇ ਸਿਆਸੀ ਦਬਾਅ, ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਵੇਲੇ ਪਵਿੱਤਰ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੌਂਹ ਖਾਧੀ ਸੀ ਕੇ ਚਾਰ ਹਫ਼ਤਿਆਂ ਵਿਚ ਨਸ਼ਾ ਜੜ੍ਹੋਂ ਖਤਮ ਕਰ ਦੇਣਗੇ। ਪਰ ਖਤਮ ਦਾ ਕੀ ਕਰਨਾ ਸੀ ਨਸ਼ਾ ਹੋਰ ਵਧ ਗਿਆ।
ਪਹਿਲਾਂ ਜਿੱਥੇ ਚਿੱਟੇ ਨਾਲ ਲੋਕਾਂ ਦੀ ਮੌਤ ਹੁੰਦੀ ਸੀ ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਣ ਲੱਗ ਗਈ। ਬੈਂਸ ਨੇ ਕਿਹਾ ਕਿ ਇਹਨਾਂ ਫੈਕਟਰੀਆਂ ਦੇ ਸਿੱਧੇ ਸਬੰਧ ਅਕਾਲੀ ਦਲ ਅਤੇ ਕਾਂਗਰਸ ਦੇ ਨਾਲ ਹਨ ਏਸ ਕਰਕੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਬਾਹਰ ਨਿਕਲਣ ਅਤੇ ਪੰਜਾਬ ਦੇ ਹਲਾਤਾਂ ਵੱਲ ਝਾਤੀ ਮਾਰਨ।