ਲੁਧਿਆਣਾ, 21 ਜੁਲਾਈ 2020 – ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਲਗਾਤਾਰ ਗਰਮਖਿਆਲੀਆਂ ਅਤੇ ਖਾਲਿਸਤਾਨ ਸਮਰਥਕਾਂ ਦੇ ਖਿਲਾਫ ਆਪਣੀ ਸੋਸ਼ਲ ਮੀਡੀਆ ਤੇ ਭੜਾਸ ਕੱਢੀ ਜਾ ਰਹੀ ਸੀ। ਜਿਸ ਦਾ ਹੁਣ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੁਧਿਆਣਾ ਦੇ ਪਿੰਡ ਮੰਡਿਆਣੀ ਦੇ ਵਿੱਚ ਲਾਏ ਗਏ ਨੀਂਹ ਪੱਥਰ ਨੂੰ ਪਿੰਡ ਦੇ ਇੱਕ ਕੱਟੜ ਪੰਥੀ ਵੱਲੋਂ ਭੰਨ ਦਿੱਤਾ ਗਿਆ ਹੈ ਅਤੇ ਕਿਹਾ ਹੈ ਕਿ ਨਾ ਤਾਂ ਬਿੱਟੂ ਨੂੰ ਇਸ ਪਿੰਡ ‘ਚੋਂ ਵੋਟਾਂ ਮਿਲਣਗੀਆਂ ਅਤੇ ਨਾ ਹੀ ਬਿੱਟੂ ਨੂੰ ਇਸ ਪਿੰਡ ਵਿੱਚ ਆਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਜੋ ਪਿੰਡ ਮੰਡਿਆਣੀ ਮੁੰਡੇ ਵਿੱਚ ਵਿਕਾਸ ਕਾਰਜਾਂ ਦੀ ਗੱਲ ਕਹੀ ਗਈ ਸੀ ਉਸ ਦੀ ਵੀ ਹੁਣ ਉਨ੍ਹਾਂ ਨੂੰ ਲੋੜ ਨਹੀਂ ਹੈ। ਉਸ ਤੋਂ ਬਾਅਦ ਇਹ ਸਿੱਖ ਨੌਜਵਾਨ ਬਿੱਟੂ ਵੱਲੋਂ ਲੈ ਗਏ ਨੀਂਹ ਪੱਥਰ ਤੇ ਲਿਖਿਆ ਉਸ ਦਾ ਨਾਂਅ ਪੂਰੀ ਤਰ੍ਹਾਂ ਤੋੜ ਦਿੰਦਾ ਹੈ ਅਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਵਿਰੋਧ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖਾਲਿਸਤਾਨ ਦੇ ਪੱਖ ਦੀ ਗੱਲ ਕਰਨ ਤੋਂ ਬਾਅਦ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾ ਹੀ ਇਹ ਚਿਤਾਵਨੀ ਦੇ ਦਿੱਤੀ ਸੀ ਕਿ ਜਥੇਦਾਰ ਦੇ ਇਸ ਬਿਆਨ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ, ਜਿਸ ਦੀ ਸ਼ੁਰੂਆਤ ਹੋ ਗਈ ਹੈ। ਬਿੱਟੂ ਨੇ ਕਿਹਾ ਕਿ ਬੀਤੇ ਦਿਨੀਂ ਖੁਦਕੁਸ਼ੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਵੇਖ ਕੇ ਮਾਹੌਲ ਖ਼ਰਾਬ ਹੋਵੇਗਾ। ਇਸ ਕਰਕੇ ਉਨ੍ਹਾਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਅਤੇ ਡੀਐਸਪੀ ਨੂੰ ਇਸ ਨੌਜਵਾਨ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਹੈ ਅਤੇ ਉਸ ਨੂੰ ਛੱਡਣ ਦੀ ਅਪੀਲ ਕੀਤੀ ਹੈ। ਬਿੱਟੂ ਨੇ ਕਿਹਾ ਕਿ ਜਥੇਦਾਰ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ।