ਚੰਡੀਗੜ੍ਹ, 16 ਜੁਲਾਈ, 2020 : ਸਿੱਖ ਕੌਮ ਨੂੰ ਗੁੰਮਰਾਹ ਕਰਕੇ ਪੰਥ ਦੇ ਨਾਂ ਤੇ ਰਾਜਨੀਤੀ ਕਰਨ ਵਾਲਾ ਅਕਾਲੀ ਦਲ ਹੁਣ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਤੇ ਚੁੱਪੀ ਕਿਉਂ ਧਾਰੀ ਬੇਠਾ ਹੈ।ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਹੀ।ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿੰਨਾ ਸਿੱਖੀ ਦਾ ਘਾਣ ਅਕਾਲੀ ਦਲ ਨੇ ਕੀਤਾ ਹੈ ਇੰਨਾ ਘਾਣ ਸ਼ਾਇਦ ਹੀ ਇਤਿਹਾਸ ਵਿੱਚ ਕਿਸੇ ਸਿੱਖ ਵਿਰੋਧੀ ਨੇ ਕੀਤਾ ਹੋਵੇ।ਉਨਾਂ ਕਿਹਾ ਕਿ ਆਪਣੇ ਨਿੱਜੀ ਮੁਫਾਦਾਂ ਲਈ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਲਤ ਫੈਸਲੇ ਕਰਵਾਉਣ ਵਾਲਾ ਬਾਦਲ ਪਰਿਵਾਰ ਡੇਰਾ ਸੱਚਾ ਸੌਦਾ ਖਿਲਾਫ ਹੋ ਰਹੇ ਖੁਲਾਸਿਆਂ ਤੇ ਕਿਉਂ ਨਹੀਂ ਬੋਲ ਰਿਹਾ।ਢਿੱਲੋਂ ਨੇ ਕਿਹਾ ਕਿ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਡੇਰਾ ਸੱਚਾ ਸੌਦਾ ਨਾਲ ਬਾਦਲ ਪਰਿਵਾਰ ਦੀ ਯਾਰੀਆਂ ਅੱਜ ਖੁੱਲ ਕੇ ਸਾਹਮਣੇ ਆ ਰਹੀਆ ਹਨ।ਉਨਾਂ ਕਿਹਾ ਕਿ ਸੱਤਾ ਦੇ ਲਾਲਚ ਵੱਸ ਪੈ ਕੇ ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਾ ਸੋਦਾ ਨਾਲ ਲਾਈਆਂ ਆਪਣੀਆਂ ਯਾਰੀਆਂ ਹੀ ਪੁਗਾਈਆਂ ਹਨ ਤੇ ਕੇਵਲ ਨਾਨਕ ਨਾਮ ਲੇਵਾ ਲੋਕ ਹੀ ਨਹੀਂ ਬਲਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਜਾਗਦੀ ਜੋਤ ਮੰਨਣ ਵਾਲੇ ਲੋਕਾਂ ਦੀ ਭਾਵਨਾਵਾ ਨਾਲ ਖਿਲਵਾੜ ਕੀਤਾ ਹੈ।ਉਨਾਂ ਕਿਹਾ ਸਿੱਖ ਕੌਮ ਕਦੇ ਵੀ ਇਸ ਪੀੜਾ ਨੂੰ ਭੁਲਾ ਨਹੀਂ ਸਕੇਗੀ ਤੇ ਇਸਦਾ ਹਰਜਾਨਾ ਇਕੱਲੇ ਬਾਦਲ ਪਰਿਵਾਰ ਨੂੰ ਹੀ ਨਹੀਂ ਬਲਕਿ ਸਾਰੇ ਅਕਾਲੀ ਦਲ ਨੂੰ ਭੁਗਤਣਾ ਪਵੇਗਾ।ਉਨਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਅਕਾਲੀ ਦਲ ਦੇ ਹਰ ਬੁਲਾਰੇ ਦੇ ਮੂੰਹ ਤੇ ਦਮਸਿੱਕੜੀ ਪੈ ਗਈ ਹੈ ਤੇ ਕੋਈ ਵੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੇ ਹੋ ਰਹੀ ਇਸ ਕਾਰਵਾਈ ਦੌਰਾਨ ਬੋਲ ਕਿਉ ਨਹੀਂ ਰਿਹਾ।ਉਨਾਂ ਕਿਹਾ ਕਿ ਅਕਾਲੀ ਦਲ਼ ਦੀ ਚੁੱਪੀ ਸਾਫ ਤੋਰ ਤੇ ਦੋਸ਼ੀ ਹੋਣ ਵੱਲ ਇਸ਼ਾਰਾ ਕਰ ਰਹੀ ਹੈ ਜਦ ਕਿ ਪੰਜਾਬ ਦੇ ਲੋਕ ਨੂੰ ਪਹਿਲਾਂ ਹੀ ਇਨਾਂ ਤੇ ਕੇਵਲ ਸ਼ੱਕ ਹੀ ਨਹੀਂ ਸਗੋਂ ਯਕੀਨ ਵੀ ਹੈ ਕਿ ਇਸ ਸਭ ਕਾਰਵਾਈਆਂ ਇਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋਈਆਂ।ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆ ਨਾਲ ਇਸ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾ ਪਿੱਛੇ ਸੁਟੱਣ ਦਾ ਵਾਦਾ ਕੀਤਾ ਸੀ ਮੁੱਖ ਮੰਤਰੀ ਇਹ ਵਾਦਾ ਜਰੂਰ ਨਿਭਾ ਕੇ ਹਟਣਗੇ ਤੇ ਨਾਨਕ ਨਾਮ ਲੇਵਾ ਲੋਕਾਂ ਦੀਆਂ ਭਾਵਨਾਵਾ ਨਾਲ ਖਿਲਵਾੜ ਨਹੀਂ ਹੋਣ ਦੇਣਗੇ।ਉਨਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀ ਸਾਹਮਣੇ ਆ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਨਾਲ ਜੁੜੇ ਹੈਰਾਨੀਜਨਕ ਤੱਥ ਸਾਹਮਣੇ ਆਉਣਗੇ।ਢਿੱਲੋਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਉਂਗਲਾਂ ਚੁੱਕਣ ਵਾਲੇ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਮਾਰਕੇ ਦੇਖਣ ਕਿ ਉਨਾਂ ਨੇ ਆਪਣੇ ਰਾਜ ਸਮੇਂ ਕੀ ਕੀ ਕਰਤੂਤਾਂ ਕੀਤੀਆਂ ਹਨ।ਉਨਾਂ ਕਿਹਾ ਕਿ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਅੱਜ ਅਕਾਲੀ ਦਲ ਦੇ ਨੇਤਾਵਾਂ ਨੂੰ ਇਸੇ ਕਾਰਨ ਠੋਕਰਾਂ ਮਾਰ ਰਹੇ ਹਨ ਕਿਉ ਕਿ ਅਕਾਲੀ ਦਲ ਨੇ ਆਪਣੇ ਰਾਜ ਵਿੱਚ ਸਿੱਖੀ ਦਾ ਉਹ ਨੁਕਸਾਨ ਕੀਤਾ ਹੈ ਜੋ ਸ਼ਾਇਦ ਅਹਿਮਦਸ਼ਾਹ ਅਬਦਾਲੀ ਵੀ ਨਾਂ ਸਕਿਆ ਹੋਵੇ।