ਫਾਜ਼ਿਲਕਾ 16 ਜੁਲਾਈ :: ਸੀਨੀਅਰ ਪੁਲਸ ਕਪਤਾਨ ਫਾਜ਼ਿਲਕਾ ਹਰਜੀਤ ਸਿੰਘ ਆਈ ਪੀ ਐੱਸ ਵੱਲੋਂ ਜਾਰੀ ਨਸ਼ੀਲੇ ਪਦਾਰਥਾਂ ਖਿਲਾਫ਼ ਮੁਹਿੰਮ ਦੌਰਾਨ ਸਮੱਗਲਰਾਂ ਦੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ।
ਜਿਲ੍ਹਾ ਪੁਲਿਸ ਨੇ ਪਾਕਿਸਤਾਨ ਤੋਂ ਸਮਗਲ ਕਰਕੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਦੇ ਦੋ ਤਸਕਰਾਂ ਨੂੰ 500 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ।
ਅੰਤਰਰਾਸ਼ਟਰੀ ਕੀਮਤ ਅਨੁਸਾਰ ਇਸ ਹੈਰੋਇਨ ਦੀ ਕੀਮਤ ਢਾਈ ਕਰੋੜ ਰੁਪਏ ਬਣਦੀ ਹੈ ।
ਇੰਚਾਰਜ ਸੀ ਆਈ ਏ ਸਟਾਫ਼ ਫਾਜ਼ਿਲਕਾ ਇੰਸਪੈਕਟਰ ਛਿੰਦਰ ਸਿੰਘ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਗੱਟੀ ਰਾਜੋ ਕੇ ਅਤੇ ਲਾਲਚੀਆਂ ਨਾਲ ਸੰਬੰਧਤ ਸਮੱਗਲਰ ਦਰਿਆ ਦੇ ਪਾਣੀ ਰਾਹੀਂ ਸਮਗਲਰਾਂ ਵੱਲੋਂ ਪਾਕਿਸਤਾਨ ਦੀ ਤਰਫੋਂ ਰੋੜੀ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਹਨ ।
ਪੁਲਿਸ ਵੱਲੋਂ ਟੋਲ ਪਲਾਜਾ ਬੈਰੀਅਰ ਮਾਹਮੁਜੋਈਆ ਨੇੜੇ ਨਾਕਾਬੰਦੀ ਕੀਤੀ ਤਾਂ ਡਿਸਕਵਰ ਮੋਟਰ ਸਾਇਕਲ ਰਾਹੀਂ ਸੁਖਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਪਿੰਡ ਲਾਲਚੀਆਂ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਤੇ ਰਣਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਰਾਜੋ ਕੀ ਗੱਟੀ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਅੱਧਾ ਕਿੱਲੋ ਅਫ਼ੀਮ ਬਰਾਮਦ ਹੋਈ ।
ਪੁਲਸ ਥਾਣਾ ਅਮੀਰ ਖਾਸ ਵਿੱਚ ਕਥਿਤ ਦੋਸ਼ੀਆਂ ਖਿਲਾਫ ਐੱਨ ਡੀ ਪੀ ਐੱਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ।
ਐੱਸ ਐੱਚ ਓ ਛਿੰਦਰ ਸਿੰਘ ਅਨੁਸਾਰ ਦੋਸ਼ੀਆਂ ਦੇ ਲਏ ਗਏ ਪੁਲਸ ਰਿਮਾਂਡ ਦੌਰਾਨ ਹੋਰ ਵੀ ਜਾਣਕਾਰੀ ਮਿਲਣ ਦੀ ਉਮੀਦ ਹੈ ।