ਚੰਡੀਗੜ੍ਹ/ਜਲੰਧਰ | 21 ਅਗਸਤ, 2025: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਰਾਜਨੀਤਿਕ ਟਕਰਾਅ ਸੜਕਾਂ ‘ਤੇ ਆ ਗਿਆ ਹੈ। ਪੁਲਿਸ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲਈ ਪਿੰਡਾਂ ਵਿੱਚ ਡੇਰੇ ਲਾ ਰਹੇ ਕਈ ਵੱਡੇ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਤੋਂ ਬਾਅਦ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ। ਭਾਜਪਾ ਨੇ ਇਸਨੂੰ ਸਰਕਾਰ ਦੀ ਤਾਨਾਸ਼ਾਹੀ ਕਿਹਾ ਹੈ, ਜਦੋਂ ਕਿ ‘ਆਪ’ ਸਰਕਾਰ ਨੇ ਇਸਨੂੰ ਲੋਕਾਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਲਈ ਚੁੱਕਿਆ ਗਿਆ ਕਦਮ ਦੱਸਿਆ ਹੈ।
ਜਲੰਧਰ ਵਿੱਚ ਕੀ ਹੋਇਆ?
ਇਹ ਵਿਵਾਦ ਉਸ ਸਮੇਂ ਹੋਰ ਵਧ ਗਿਆ ਜਦੋਂ ਪੁਲਿਸ ਨੇ ਜਲੰਧਰ ਦਿਹਾਤੀ ਦੇ ਸ਼ਾਹਕੋਟ ਵਿੱਚ ਇੱਕ ਭਾਜਪਾ ਕੈਂਪ ‘ਤੇ ਵੱਡੀ ਕਾਰਵਾਈ ਕੀਤੀ। ਭਾਜਪਾ ਦੇ ਜਨ ਸੰਪਰਕ ਮੁਹਿੰਮ ਦੇ ਹਿੱਸੇ ਵਜੋਂ, ਜਦੋਂ ਸਾਬਕਾ ਵਿਧਾਇਕ ਕੇਡੀ ਭੰਡਾਰੀ ਅਤੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਸ਼ਾਹਕੋਟ ਦੇ ਰੂਪੇਵਾਲ ਪਿੰਡ ਦੇ ਬਾਜ਼ਾਰ ਵਿੱਚ ਕੈਂਪ ਲਗਾਉਣ ਲਈ ਪਹੁੰਚੇ, ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਕਾਰਵਾਈ ਡੀਐਸਪੀ ਓਂਕਾਰ ਸਿੰਘ ਬਰਾਰ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਕੇਡੀ ਭੰਡਾਰੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮੌਕੇ ‘ਤੇ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸ਼ਾਹਕੋਟ ਤੋਂ ਇਲਾਵਾ ਸੁਸ਼ੀਲ ਰਿੰਕੂ ਨੂੰ ਆਦਮਪੁਰ ਤੋਂ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
















