ਸੰਗਰੂਰ, 14 ਜੁਲਾਈ 2020 – ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਵਿੱਢੀ ਜੰਗ ’ਚ ਪੰਜਾਬ ’ਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ 72 ਘੰਟੇ ਤੋਂ ਘੱਟ ਸਮੇਂ ਲਈ ਪੰਜਾਬ ’ਚ ਆਉਣ ਵਾਲੇ ਬਾਹਰੀ ਵਿਅਕਤੀਆਂ ਨੂੰ ਹੁਣ 14 ਦਿਨਾਂ ਲਈ ਇਕਾਂਤਵਾਸ ਨਹੀਂ ਕੀਤਾ ਜਾਵੇਗਾ। ਸ਼੍ਰੀ ਰਾਮਵੀਰ ਨੇ ਕਿਹਾ ਕਿ ਇਸ ਲਈ ਸਬੰਧਤ ਵਿਅਕਤੀ ਨੂੰ ਸਵੈ-ਘੋਸ਼ਣਾ ਦਾਇਰ ਕਰਨਾ ਹੋਵੇਗਾ ਕਿ ਉਹ ਕਿਸੇ ਕੰਟੇਨਮੈਂਟ ਜ਼ੋਨ ਤੋਂ ਪੰਜਾਬ ’ਚ ਨਹੀਂ ਆਇਆ ਅਤੇ ਇੱਥੇ ਪੁੱਜਣ ਦੇ 72 ਘੰਟਿਆਂ ਦੇ ਅੰਦਰ-ਅੰਦਰ ਵਾਪਸ ਪਰਤਣਾ ਯਕੀਨੀ ਬਣਾਏਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ’ਚ 72 ਘੰਟਿਆਂ ਦੇ ਠਹਿਰ ਦੌਰਾਨ ਸਬੰਧਤ ਵਿਅਕਤੀ ਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾਵਾਇਰਸ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਵੀ ਯਕੀਨੀ ਹੋਵੇਗੀ ਅਤੇ ਕੋਵਿਡ-19 ਦਾ ਕੋਈ ਵੀ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਸਿਹਤ ਵਿਭਾਗ ਨੂੰ ਹੈਲਪਲਾਈਨ ਨੰਬਰ 104 ’ਤੇ ਸੂਚਿਤ ਕਰਨਾ ਹੋਵੇਗਾ। ਉਨਾਂ ਕਿਹਾ ਕਿ ਇਸਦੇ ਨਾਲ ਹੀ ਸਬੰਧਤ ਵਿਅਕਤੀ ਨੂੰ ਆਪਣੇ ਮੋਬਾਇਲ ਫੋਨ ’ਤੇ ਕੋਵਾ ਐਪ ਵੀ ਡਾਊਨਲੋਡ ਕਰਨੀ ਪਵੇਗੀ ਤੇ ਇਸਨੂੰ ਆਪਣੀ ਠਹਿਰ ਦੌਰਾਨ ਹਰ ਵੇਲੇ ਐਕਟਿਵ ਰੱਖਣਾ ਪਵੇਗਾ।
ਰਾਮਵੀਰ ਨੇ ਦੱਸਿਆ ਕਿ ਆਪਣੀ 72 ਘੰਟਿਆਂ ਦੀ ਠਹਿਰ ਦੌਰਾਨ ਸਬੰਧਤ ਯਾਤਰੀ ਵੱਲੋਂ ਕੋਰੋਨਾਵਾਇਰਸ ਨੂੰ ਲੈ ਕੇ ਜੇਕਰ ਕੋਈ ਵੀ ਕੁਤਾਹੀ ਵਰਤੀ ਗਈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਜੇਕਰ ਸਬੰਧਤ ਯਾਤਰੀ ਵਾਪਸ ਪਰਤਣ ਦੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕੋਵਿਡ ਪਾਜਿਟਿਵ ਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਵੀ ਉਸਨੂੰ ਸਥਾਨਕ ਸਿਹਤ ਵਿਭਾਗ ਦੀ ਟੀਮ ਨੂੰ ਦੇ ਕੇ ਕੰਨਟੈਕਟ ਟਰੇਸਿੰਗ ’ਚ ਲੋੜੀਂਦੀ ਮਦਦ ਕਰਨੀ ਹੋਵੇਗੀ।