ਨਵੀਂ ਦਿੱਲੀ,17 ਸਤੰਬਰ, 2020 : ਲੱਦਾਖ ਵਿਚ ਭਾਰਤੀ ਸੈਨਾ ਦੇ ਸਖ਼ਤ ਰੁੱਖ ਦਾ ਸਾਹਮਣਾ ਕਰਨ ਵਿਚ ਔਖ ਮਹਿਸੂਸ ਕਰ ਰਹੀ ਚੀਨ ਦੀ ਸੈਨਾ ਨੇ ਹੁਣ ਪੰਜਾਬੀ ਗਾਣੇ ਵਜਾ ਕੇ ਭਾਰਤੀ ਸੈਨਿਕਾਂ ਦਾ ਧਿਆਨ ਭਟਕਾਉਣ ਦੀ ਜੁਗਤ ਲੜਾਈ ਹੈ।
ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਚੀਨ ਦੇ ਫੌਜੀ ਰਣਨੀਤੀਕਾਰ ਸੁਨ ਜ਼ੂ ਨੇ ਆਪਣੀ ਬਹੁ ਚਰਚਿਤ ਪੁਸਤਕ ‘ਆਰਟ ਆਫ ਵਾਰ’ ਵਿਚ ਲਿਖਿਆ ਸੀ ਕਿ ਜੰਗ ਦੀ ਸਰਵੋਤਮ ਜੁਗਤ ਵਿਰੋਧੀ ਨੂੰ ਬਿਨਾਂ ਲੜੇ ਹੇਠਾਂ ਲਾਉਣਾ ਹੈ। ਇਸੇ ਲਈ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐਲ ਏ) ਅਤੇ ਕਮਿਊਨਿਸ ਪਾਰਟੀ ਦੀ ਅਖ਼ਬਾਰ ਨੇ ਲੱਦਾਖ ਵਿਚ ਡਟੇ ਭਾਰਤੀ ਸੈਨਿਕਾਂ ਖਿਲਾਫ ਇਹ ਮਨੋਵਿਗਿਆਨਕ ਜੰਗ ਦਾ ਹਥਿਆਰ ਵਰਤਣਾ ਸ਼ੁਰੂ ਕੀਤਾ ਤੇ ਅੱਜ ਵੀ ਵਰਤ ਰਿਹਾ ਹੈ।
ਇਸ ਕੜੀ ਤਹਿਤ ਫਿੰਗਰ 4 ਨਾਂ ਦੀ ਚੋਟੀ ‘ਤੇ ਚੀਨ ਦੀ ਸੈਨਾ ਨੇ ਪੰਜਾਬੀ ਗਾਣੇ ਵਜਾ ਕੇ ਭਾਰਤੀ ਸੈਨਿਕਾਂ ਦਾ ਧਿਆਨ ਭੜਕਾਉਣ ਦਾ ਅਸਫਲ ਯਤਨ ਕੀਤਾ ਹੈ। ਚੁਲਸ਼ੁਲ ਸੈਕਟਰ ਵਿਚ ਮੋਲਡੋ ਗੈਰੀਸਨ ਵਿਖੇ ਵੀ ਚੀਨੀ ਸੈਨਾ ਨੇ ਲਾਊਡ ਸਪੀਕਰ ਲਾ ਕੇ ਪੰਜਾਬੀ ਗਾਣੇ ਵਜਾਏ। ਸਿਰਫ ਗਾਣੇ ਵਜਾਉਣਾ ਹੀ ਨਹੀਂ ਬਲਕਿ ਸਪੀਕਰਾਂ ਰਾਹੀਂ ਭਾਰਤੀ ਫੌਜ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਆਪਣੇ ਦਿੱਲੀ ਦੇ ਸਿਆਸੀ ਆਕਾਵਾਂ ਦੇ ਹੱਥਾਂ ਵਿਚ ਮੂਰਖ ਨਾ ਬਣੇ। ਪੰਜਾਬੀ ਗਾਣਿਆਂ ਦੇ ਨਾਲ ਨਾਲ ਭਾਰਤੀ ਸੈਨਾ ਨੂੰ ਉਕਸਾਉਣ ਵਾਸਤੇ ਹਿੰਦੀ ਵਿਚ ਰਿਕਾਡਡ ਟੇਪਾਂ ਸੁਣਾਈਆਂ ਜਾ ਰਹੀਆਂ ਹਨ।