ਗੁਰਦਾਸਪੁਰ , 7 ਜਨਵਰੀ 2025- ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਚਾਈਨਾ ਡੋਰ ਦੇ 174 ਗੱਟੂ ਬਰਾਮਦ ਕਰਕੇ ਇੱਕ ਨੌਜਵਾਨ ਦੇ ਖਿਲਾਫ ਸਖਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਗੱਟੂ ਨੌਜਵਾਨ ਵੱਲੋਂ ਤਿੰਨ ਪੇਟੀਆਂ ਵਿੱਚ ਪੈਕ ਕਰਕੇ ਛੋਟੇ ਹਾਥੀ ਤੇ ਲਿਜਾਏ ਜਾ ਰਹੇ ਸਨ। ਡੀਐਸਪੀ ਹਰਕ੍ਰਿਸ਼ਨ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਸੁਧਰ ਜਾਓ ਨਹੀਂ ਤਾਂ ਉਹਨਾਂ ਦੀ ਖੈਰ ਨਹੀਂ।
ਜਾਣਕਾਰੀ ਦਿੰਦਿਆਂ ਡੀਐਸਪੀ ਹਰਕ੍ਰਿਸ਼ਨ ਨੇ ਦੱਸਿਆ ਕਿ ਐਸਐਸਪੀ ਬਟਾਲਾ ਸੋਹੇਲ ਕਾਸਿਮ ਮੀਰ ਵੱਲੋਂ ਸਖਤ ਹਿਦਾਇਤਾਂ ਹਨ ਕਿ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋ ਪੂਰੀ ਤਰਹਾਂ ਨਾਲ ਬੰਦ ਕਰਵਾਈ ਜਾਏ ਜਿਸ ਦੇ ਤਹਿਤ ਇਸ ਡਰੈਗਨ ਡੋਰ ਦੇ ਖਿਲਾਫ ਖਾਸ ਮੁਹਿਮ ਛੇੜੀ ਗਈ ਹੈ।ਥਾਨਾ ਸ਼੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਬਿਕਰਮਜੀਤ ਸਿੰਘ ਵੱਲੋਂ ਨਾਕੇਬੰਦੀ ਦੌਰਾਨ ਇੱਕ ਛੋਟੇ ਹਾਥੀ ਤੇ ਤਿੰਨ ਪੇਟਿਆਂ ਵਿੱਚ ਪੈਕ ਕਰਕੇ ਲਿਜਾਏ ਜਾ ਰਹੇ 174 ਖੂਨੀ ਡੋਰ ਦੇ ਗੱਟੂ ਬਰਾਮਦ ਕਰਕੇ ਚਿਰਾਗ ਸ਼ਰਮਾ ਨਾਮ ਦੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨਾਂ ਚੇਤਾਵਨੀ ਦਿੰਦੇ ਕਿਹਾ ਕਿ ਚਾਈਨਾ ਡੋਰ ਵੇਚਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਜੇਕਰ ਕੋਈ ਇਸ ਡੋਰ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਇਸ ਦੀ ਵਰਤੋਂ ਕਰਨ ਵਾਲੇ ਵੀ ਬਖਸ਼ੇ ਨਹੀਂ ਜਾਣਗੇ।