ਦਮਦਮਾ ਸਾਹਿਬ/ਤਲਵੰਡੀ ਸਾਬੋ, 9 ਅਗਸਤ 2024 – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਡਿਸ ਕੁਆਲੀਫਾਈਡ ਕਰਨ ਵਾਲਾ ਦੁਖਦਾਈ ਬਿਰਤਾਂਤ ਬਿਲਕੁਲ ਸਹੀ ਨਹੀਂ ਹੈ। ਉਨ੍ਹਾਂ ਕਿਹਾ ਓਲੰਪਿਕ ਖੇਡਾਂ ਵਿੱਚ ਸੋਨੇ ਦੀ ਝਲਕ ਦਿਖਾਉਣ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਦਾ ਵਜ਼ਨ ਇਕ ਹੀ ਦਿਨ `ਚ ਕਿਵੇਂ ਵੱਧ ਹੋ ਗਿਆ ? ਉੱਥੇ ਮੌਜੂਦ ਸਿਹਤ ਮਾਹਿਰ, ਪ੍ਰਬੰਧਕ, ਮਨੋਵਿਗਿਆਨੀ ਕਿੱਥੇ ਸਨ? ਪਿਛਲੇ ਟੂਰਨਾਮੈਂਟਾਂ ਅਤੇ ਟੋਕੀਓ ਉਲੰਪਿਕ `ਚ 53 ਕਿਲੋਗ੍ਰਾਮ ਵਜ਼ਨ `ਚ ਖੇਡਣ ਵਾਲੀ ਪਹਿਲਵਾਨ ਨੂੰ 50 ਕਿਲੋਗ੍ਰਾਮ `ਚ ਲੈ ਜਾਣ ਦਾ ਫ਼ੈਸਲਾ ਕਿਸ ਨੇ ਅਤੇ ਕਿਉਂ ਕੀਤਾ? ਇੰਨੇ ਵੱਡੇ ਮੁਕਾਬਲੇ ਲਈ ਐਨ ਆਖ਼ਰੀ ਮੌਕੇ `ਤੇ ਇੰਨੀ ਵੱਡੀ ਸਮੱਸਿਆ ਕਿਵੇਂ ਪੈਦਾ ਹੋਈ। ਇਸ ਦੌਰਾਨ ਕੋਈ ਵੀ ਉਪਾਅ ਕਾਰਗਰ ਸਾਬਿਤ ਕਿਉਂ ਨਹੀਂ ਹੋ ਸਕਿਆ? ਕੀ ਇਸ ਲਈ ਪ੍ਰਸ਼ਾਸਨਿਕ ਤੰਤਰ ਜਾਂ ਰਾਜਨੀਤਕ ਮਨਸ਼ਾ ਤਾਂ ਜ਼ਿੰਮੇਵਾਰ ਨਹੀਂ ? ਉਨ੍ਹਾਂ ਕਿਹਾ ਕੂਟਨੀਤਕ ਪੱਧਰ `ਤੇ ਭਾਰਤ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਇਸ ਮਾਮਲੇ `ਚ ਦਖ਼ਲ ਦੇਣਾ ਚਾਹੀਦਾ ਹੈ। ਭਾਰਤ ਅੱਜ ਵਿਸ਼ਵ ਦੀ ਇਕ ਵੱਡੀ ਪ੍ਰਮੁੱਖ ਹਸਤੀ ਹੈ। ਪਰ ਕਿਸੇ ਮੰਚ `ਤੇ ਮਸ਼ੀਨੀ ਜਾਂ ਮਾਨਵੀ ਪੱਧਰ `ਤੇ ਹੋ ਰਹੇ ਅਨਿਆਂ ਨੂੰ ਰੋਕਣ ਲਈ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ।