ਨਵੀਂ ਦਿੱਲੀ, 24 ਜੁਲਾਈ 2024- ਮੰਗਲਵਾਰ (23 ਜੁਲਾਈ) ਨੂੰ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪੂਰੇ ਬਜਟ ਦਾ ਇੰਡੀਆ ਅਲਾਇੰਸ ਦੇ ਸੰਸਦ ਮੈਂਬਰ ਵਿਰੋਧ ਕਰ ਰਹੇ ਹਨ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਬਜਟ ਪੱਖਪਾਤੀ ਹੈ। ਇਹ ਪ੍ਰਦਰਸ਼ਨ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੀ ਅਗਵਾਈ ‘ਚ ਸੰਸਦ ਦੇ ਐਂਟਰੀ ਗੇਟ ‘ਤੇ ਕੀਤਾ ਜਾ ਰਿਹਾ ਹੈ। ਸੋਨੀਆ ਗਾਂਧੀ, ਅਖਿਲੇਸ਼ ਯਾਦਵ, ਕਲਿਆਣ ਬੈਨਰਜੀ ਵਰਗੇ ਸੰਸਦ ਮੈਂਬਰਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਹੈ।
ਇਸ ਵਿਰੋਧ ਪ੍ਰਦਰਸ਼ਨ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਧੋਖੇ ਵਾਲਾ ਬਜਟ ਹੈ। ਇਹ ਬੇਇਨਸਾਫ਼ੀ ਹੈ। ਅਸੀਂ ਇਸ ਦਾ ਵਿਰੋਧ ਕਰਾਂਗੇ। ਉਨ੍ਹਾਂ ਨੇ ਬਜਟ ਨੂੰ ‘ਭੇਦਭਾਵਪੂਰਨ’ ਦੱਸਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਕਿਹਾ, “ਇਹ ਬਜਟ ਪੱਖਪਾਤੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ‘ਕੁਰਸੀ ਬਚਾਓ ਬਜਟ’ ਹੈ। ਇਸ ਬਜਟ ਵਿੱਚ ਸਿਰਫ਼ ਇਸ ਬਾਰੇ ਸੋਚਿਆ ਗਿਆ ਹੈ ਕਿ ਇਸ ਸਰਕਾਰ ਨੂੰ ਕਿਵੇਂ ਬਚਾਇਆ ਜਾਵੇ।
ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੇ ਕਿਹਾ, “ਇਹ ਬਜਟ ਭਾਰਤ ਸਰਕਾਰ ਦਾ ਬਜਟ ਨਹੀਂ ਲੱਗਦਾ। ਇਸ ਬਜਟ ਵਿੱਚ ਸੰਘੀ ਢਾਂਚੇ ਨੂੰ ਤੋੜਿਆ ਗਿਆ ਹੈ। ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜ ਬਜਟ ਵਿੱਚੋਂ ਗਾਇਬ ਹਨ। ਇਹ ਸਰਕਾਰੀ ਬਜਟ ਨਹੀਂ ਹੈ। ਵਿਰੋਧੀ ਧਿਰ ਵੱਲੋਂ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕੀਤਾ ਜਾ ਰਿਹਾ ਹੈ।