ਐਸ. ਏ. ਐਸ. ਨਗਰ, 23 ਸਤੰਬਰ – ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਦੇ ਇੱਕ ਵਫਦ ਨੇ ਮੁਹਾਲੀ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ।
ਇਸ ਮੌਕੇ ਸੀਨੀਅਰ ਸਿਟੀਜਨਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਣ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਨਾਲ ਸਬੰਧਤ ਕੁਝ ਮੁਸ਼ਕਿਲਾਂ, ਜਿਵੇਂ ਕਿ ਬੱਚਿਆਂ ਵੱਲੋਂ ਬਦਸਲੂਕੀ, ਕਿਰਾਏਦਾਰਾਂ/ਪੀਜੀਜ਼ ਆਦਿ ਦੀਆਂ ਸਮੱਸਿਆਵਾਂ ਬਾਰੇ ਦੱਸਿਆ। ਵਫਦ ਵਲੋਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਸਲਾਹਕਾਰ ਕਮੇਟੀ ਵਿੱਚ ਸੀਨੀਅਰ ਸਿਟੀਜਨਨ ਐਸੋਸੀਏਸ਼ਨ ਦੇ 2-3 ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇ।
ਸੰਸਥਾ ਦੇ ਪ੍ਰੈਸ ਸਕੱਤਰ ਸz. ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਸੀਨੀਅਰ ਨਾਗਰਿਕਾਂ ਪ੍ਰਤੀ ਸੁਹਿਰਦ ਚਿੰਤਾਵਾਂ ਜ਼ਾਹਿਰ ਕਰਦਿਆਂ ਸਾਰੇ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਡੇਂਗੂ ਦੇ ਖਾਤਮੇ ਅਤੇ ਹਰ ਸੀਨੀਅਰ ਨਾਗਰਿਕ ਨੂੰ ਕੋਵਿਡ ਟੀਕਾਕਰਣ ਦੇ ਦੂਜੇ ਟੀਕੇ ਨੂੰ ਯਕੀਨੀ ਬਣਾਉਣ ਲਈ ਸੀਨੀਅਰ ਨਾਗਰਿਕਾਂ ਤੋਂ ਸਹਿਯੋਗ ਵੀ ਮੰਗਿਆ।
ਇਸ ਮੌਕੇ ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੁੱਖ ਕਨਵੀਨਰ ਸz ਰਵਜੋਤ ਸਿੰਘ, ਸਕੱਤਰ ਜਨਰਲ ਸz ਸੁਖਵਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਪ੍ਰਿੰਸੀਪਲ ਸਵਰਨ ਚੌਧਰੀ ਹਾਜ਼ਰ ਸਨ।