ਗੁਰਦਾਸਪੁਰ, 11 ਜੁਲਾਈ 2024- ਬੀਤੇ ਦਿਨੀਂ ਗੁਰਦਾਸਪੁਰ ਦੇ ਅਮਾਮਵਾੜਾ ਬਾਜ਼ਾਰ ਵਿਖੇ ਇਕੱਠਿਆਂ ਛੇ ਸੱਤ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਵਪਾਰ ਮੰਡਲ ਵੱਲੋਂ ਅੱਗ ਪੀੜਤ ਦੁਕਾਨਦਾਰਾਂ ਦੀ ਕੁਝ ਮਾਲੀ ਸਹਾਇਤਾ ਵੀ ਦਿੱਤੀ ਗਈ ਸੀ ਤਾਂ ਜੋ ਮੁੜ ਤੋਂ ਅੱਗਜਨੀ ਨਾਲ ਪੀੜਤ ਦੁਕਾਨਦਾਰ ਆਪਣਾ ਵਪਾਰ ਸ਼ੁਰੂ ਕਰ ਸਕਣ ਪਰ ਬੀਤੀ ਰਾਤ ਵਾਪਰੀ ਘਟਨਾ ਇਹ ਸ਼ੱਕ ਪੈਦਾ ਕਰ ਰਹੀ ਹੈ ਕਿ ਕਿਤੇ ਗੁਰਦਾਸਪੁਰ ਵਿੱਚ ਕੋਈ ਜਾਣ ਬੁਝ ਕੇ ਦੁਕਾਨਾਂ ਸਾੜਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ।
ਗੀਤਾ ਭਵਨ ਰੋਡ ਦੇ ਸਥਿਤ ਕਰਿਆਨੇ ਦੀ ਇੱਕ ਦੁਕਾਨ ਨੂੰ ਇੱਕ ਵਿਅਕਤੀ ਵੱਲੋਂ ਦੇਰ ਰਾਤ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਆਸ ਪਰੋਸ ਦੇ ਲੋਕਾਂ ਦੇ ਜਾਗਣ ਕਾਰਨ ਅੱਗ ਤੇ ਤੁਰੰਤ ਕਾਬੂ ਪਾ ਲਿਆ ਗਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਦੱਸ ਦਈਏ ਕਿ ਬਿਲਕੁਲ ਨਾਲ ਇੱਕ ਪਤੰਗਾ ਦੀ ਦੁਕਾਨ ਹੈ ਤੇ ਉਸ ਦੇ ਨਾਲ ਹੀ ਇੱਕ ਬੱਚਿਆਂ ਦੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਵੀ ਦੁਕਾਨ ਹੈ ।ਜੇ ਕਰ ਅੱਗ ਭੜਕ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਉੱਥੇ ਹੀ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ ਅਤੇ ਦੁਕਾਨਦਾਰਾਂ ਨੂੰ ਸੁਚੇਤ ਰਹਿਣ ਅਤੇ ਚੌਕੀਦਾਰ ਰੱਖਣ ਦੀ ਅਪੀਲ ਵੀ ਕੀਤੀ ਹੈ।
ਜਾਣਕਾਰੀ ਦਿੰਦਿਆ ਦੁਕਾਨ ਮਾਲਕ ਸਾਹਿਲ ਨੇ ਦੱਸਿਆ ਕਿ ਗੀਤਾ ਭਵਨ ਰੋਡ ਤੇ ਨਰਿੰਦਰ ਕਰਿਆਨਾ ਸਟੋਰ ਨਾਮ ਤੇ ਉਹਨਾਂ ਦੀ ਦੁਕਾਨ ਹੈ । ਬੀਤੀ ਰਾਤ ਡੇਢ ਵਜੇ ਦੇ ਕਰੀਬ ਦੁਕਾਨ ਦੇ ਬਾਹਰ ਰੱਖੇ ਕਾਉੰਟਰ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ । ਦੁਕਾਨ ਦੇ ਆਸ ਪੜੋਸ ਰਹਿੰਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਆਪਣੇ ਘਰਾਂ ਦੇ ਬਾਹਰ ਆ ਗਏ ਅਤੇ ਖੁਦ ਮੁਸ਼ੱਕਤ ਕਰਕੇ ਅੱਗ ਤੇ ਕਾਬੂ ਪਾ ਲਿਆ ਗਿਆ।
ਦੁਕਾਨ ਮਾਲਕ ਸਾਹਿਲ ਨੇ ਦੱਸਿਆ ਕਿ ਉਹਨਾਂ ਨੇ ਜਦੋਂ ਨੇੜੇ ਦੇਸੀ ਸੀ ਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਦੇਰ ਰਾਤ ਇੱਕ ਵਿਅਕਤੀ ਵੱਲੋਂ ਦੁਕਾਨ ਦੇ ਆਲੇ ਦੁਆਲੇ ਤਿੰਨ ਚਾਰ ਚੱਕਰ ਲਗਾਏ ਗਏ ਅਤੇ ਫਿਰ ਮੌਕਾ ਵੇਖ ਕੇ ਉਸ ਨੇ ਕਾਊਂਟਰ ਦੇ ਵਿੱਚ ਰੱਖੀਆਂ ਪੁਰਾਣੀਆਂ ਅਖਬਾਰਾਂ ਨੂੰ ਅੱਗ ਲਗਾ ਦਿੱਤੀ। ਅੱਗ ਭੜਕਣੀ ਸ਼ੁਰੂ ਹੋ ਗਈ ਸੀ ਪਰ ਆਲੇ ਦੁਆਲੇ ਦੇ ਲੋਕ ਘਰੋਂ ਬਾਹਰ ਆ ਗਏ ਅਤੇ ਉਸ ਨੂੰ ਵੀ ਫੋਨ ਕਰਕੇ ਬੁਲਾ ਲਿਆ। ਉਹਨਾਂ ਨੇ ਧੂ ਧੂ ਕਰਕੇ ਬਲਦਾ ਕਾਊਂਟਰ ਚੁੱਕ ਕੇ ਸੜਕ ਤੇ ਸੁੱਟ ਦਿੱਤਾ ਤੇ ਮਿਹਨਤ ਕਰਕੇ ਅੱਗ ਤੇ ਕਾਬੂ ਪਾ ਲਿਆ।
ਉੱਥੇ ਹੀ ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸ਼ਹਿਰ ਵਿੱਚ ਛੇ ਸੱਤ ਦੁਕਾਨਾਂ ਨੂੰ ਅੱਗ ਲੱਗੀ ਹੈ ਅਤੇ ਉਸ ਤੋਂ ਪਹਿਲਾਂ ਵੀ ਅੱਗ ਜਨੀ ਦੀਆਂ ਕਈ ਘਟਨਾਵਾਂ ਹੋਈਆਂ ਹਨ। ਬੀਤੀ ਰਾਤ ਸਾਹਿਲ ਦੇ ਕਰਿਆਨਾ ਸਟੋਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੇ ਜਾਣਾ ਇਹ ਸਾਬਤ ਕਰਦਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੁਕਾਨਦਾਰ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਮੌਕਾ ਵੇਖਣ ਕੋਈ ਪੁਲਿਸ ਕਰਮਚਾਰੀ ਨਹੀਂ ਆਇਆ।