ਐਸ ਏ ਐਸ ਨਗਰ,27 ਦਸੰਬਰ – ਆਈ ਵੀ ਹਸਪਤਾਲ ਦੇ ਹੱਡੀਆਂ ਦੇ ਰੋਗਾਂ ਤੇ ਜੋੜਾਂ (ਜੁਆਇੰਟ ਰਿਪਲੇਸਮੈਂਟ) ਦੇ ਮਾਹਿਰ ਅਤੇ ਵਿਭਾਗ ਦੇ ਮੁਖੀ ਡਾ. ਭਾਨੂੰ ਪ੍ਰਤਾਪ ਨੂੰ ਸਿਹਤ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਵਕਾਰੀ ਆਰੋਗਿਅਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ ਭਾਨੂੰ ਪ੍ਰਤਾਪ ਨੂੰ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਮਨਸੁਖ ਮਨਦਾਵੀਆ ਨੇ ਸਨਮਾਨਿਤ ਕੀਤਾ।
ਡਾ. ਭਾਨੂੰ ਜੋੜਾਂ ਨੂੰ ਬਦਲਣ ਦੇ ਮਾਹਿਰ ਹਨ ਅਤੇ ਟੀ ਐਮ ਟੀ ਤਕਨੀਕ ਦੇ ਵੀ ਮੋਢੀ ਹਨ। ਇਸ ਤਕਨੀਕ (ਟਰੂ ਮੋਸ਼ਨ ਤਕਨੀਕ) ਰਾਹੀਂ ਗੋਡੇ ਬਦਲਣ ਲਈ ਪੰਦਰਾਂ ਤੋਂ ਵੀਹ ਮਿੰਟ ਦਾ ਸਰਜੀਕਲ ਸਮਾਂ ਲੱਗਦਾ ਹੈ ਅਤੇ 48 ਘੰਟਿਆਂ ਵਿੱਚ ਹੀ ਮਰੀਜ਼ ਪੂਰੀ ਤਰ੍ਹਾਂ ਦਰੁਸਤ ਹੋ ਜਾਂਦਾ ਹੈ ਜਦੋਂ ਕਿ ਸਰਜਰੀ ਤੋਂ ਸਿਰਫ ਛੇ ਘੰਟਿਆਂ ਬਾਅਦ ਹੀ ਤੁਰ ਫਿਰ ਸਕਦਾ ਹੈ। ਇਸ ਸਰਜਰੀ ਦੌਰਾਨ ਟਾਂਕੇ ਨਹੀਂ ਲੱਗਦੇ ਅਤੇ ਨਾ ਹੀ ਅੱਗੇ ਤੋਂ ਕੋਈ ਫੌਲੋਅੱਪ ਦੀ ਲੋੜ ਪੈਂਦੀ ਹੈ।
ਡਾ. ਭਾਨੂੰ ਨੇ ਪਿਛਲੇ ਸਾਲ ਇਸ ਤਕਨੀਕ ਦੇ ਲਾਂਚ ਹੋਣ ਉਪਰੰਤ ਹੁਣ ਤਕ 500 ਮਰੀਜ਼ਾਂ ਦੀਆਂ 100 ਫ਼ੀਸਦੀ ਸਫਲਤਾ ਰੇਟ ਨਾਲ ਗੋਡੇ ਬਦਲਣ ਦੀਆਂ ਸਰਜਰੀਆਂ ਕੀਤੀਆਂ ਹਨ। ਡਾ. ਭਾਨੂ ਨੇ ਕਿਹਾ ਕਿ ਇਸ ਨਾਲ ਖਾਸ ਤੌਰ ਤੇ ਆਰਥਰਾਈਟਿਸ ਵਰਗੇ ਰੋਗਾਂ ਨਾਲ ਲੜ ਰਹੇ ਮਰੀਜ਼ਾਂ ਨੂੰ ਬਹੁਤ ਫ਼ਾਇਦਾ ਮਿਲ ਰਿਹਾ ਹੈ ਅਤੇ ਰਵਾਇਤੀ ਗੋਡੇ ਬਦਲਣ ਦੀ ਤਕਨੀਕ ਨੂੰ ਇਹ ਬਹੁਤ ਐਡਵਾਂਸ ਤਕਨੀਕ ਹੈ।