ਨਵੀਨ ਪਟਨਾਇਕ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ
ਭੁਵਨੇਸ਼ਵਰ, 5 ਜੂਨ -ਬੀਜੂ ਜਨਤਾ ਦਲ ਪ੍ਰਧਾਨ ਨਵੀਨ ਪਟਨਾਇਕ ਨੇ ਓਡੀਸ਼ਾ ਵਿਚ ਆਪਣੇ 24 ਸਾਲ ਦੇ ਸ਼ਾਸਨ ਦਾ ਅੰਤ ਕਰਦਿਆਂ ਸੂਬਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਮਗਰੋਂ ਅੱਜ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੂਤਰਾਂ ਨੇ ਦੱਸਿਆ ਕਿ ਪਟਨਾਇਕ ਨੇ ਰਾਜ ਭਵਨ ਵਿਚ ਰਾਜਪਾਲ ਰਘੂਬਰ ਦਾਸ ਨੂੰ ਆਪਣਾ ਅਸਤੀਫ਼ਾ ਸੌਂਪਿਆ। ਪਟਨਾਇਕ ਦੀ ਰਿਹਾਇਸ਼ ਤੇ ਬੀਜੇਡੀ ਦੇ ਕਈ ਨੇਤਾ ਇਕੱਠੇ ਹੋਏ ਸਨ ਪਰ ਉਹ ਆਪਣਾ ਅਸਤੀਫ਼ਾ ਦੇਣ ਇਕੱਲੇ ਹੀ ਰਾਜਪਾਲ ਦੀ ਰਿਹਾਇਸ਼ ਤੇ ਗਏ। ਇਸ ਦੇ ਨਾਲ ਹੀ ਓਡੀਸ਼ਾ ਵਿਚ ਬੀਜੇਡੀ ਦੇ 24 ਸਾਲ ਦਾ ਰਾਜ ਵੀ ਖ਼ਤਮ ਹੋ ਗਿਆ ਹੈ। ਹੁਣ ਭਾਜਪਾ ਸੂਬੇ ਵਿਚ ਆਪਣੀ ਸਰਕਾਰ ਬਣਾਏਗੀ।
ਓਡੀਸ਼ਾ ਵਿਧਾਨ ਸਭਾ ਦੀਆਂ 147 ਸੀਟਾਂ ਵਿਚ ਬੀਜੇਡੀ ਨੂੰ ਸਿਰਫ਼ 51 ਸੀਟਾਂ ਤੇ ਹੀ ਜਿੱਤ ਮਿਲੀ। ਉੱਥੇ ਹੀ ਭਾਜਪਾ ਨੇ 78 ਸੀਟਾਂ ਜਿੱਤ ਕੇ ਸੱਤਾ ਤੇ ਕਬਜ਼ਾ ਜਮਾ ਲਿਆ। ਕਾਂਗਰਸ ਨੇ 14, ਆਜ਼ਾਦ ਉਮੀਦਵਾਰਾਂ ਨੇ 3 ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ ਨੇ ਇਕ ਸੀਟ ਜਿੱਤੀ ਹੈ। ਜ਼ਿਕਰਯੋਗ ਹੈ ਕਿ ਨਵੀਨ ਪਟਨਾਇਕ 2000 ਵਿਚ ਪਹਿਲੀ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਲਗਾਤਾਰ 24 ਸਾਲਾਂ ਤੱਕ ਉਹ ਓਡੀਸ਼ਾ ਦੇ ਮੁੱਖ ਮੰਤਰੀ ਰਹੇ। ਓਡੀਸ਼ਾ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬੀਜੇਡੀ ਦੇ ਪ੍ਰਧਾਨ ਅਤੇ ਕੇਂਦਰੀ ਇਸਪਾਤ ਅਤੇ ਖਨਨ ਮੰਤਰੀ ਦੇ ਅਹੁਦੇ ਤੇ ਵੀ ਰਹਿ ਚੁੱਕੇ ਹਨ।