ਕੋਲਕਾਤਾ, 18 ਮਾਰਚ -ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਬੀਤੀ ਦੇਰ ਰਾਤ ਇਕ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਤੋਂ ਬਾਅਦ ਮਲਬੇ ਵਿੱਚੋਂ ਘੱਟੋ-ਘੱਟ 10 ਲੋਕਾਂ ਨੂੰ ਕੱਢਿਆ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਗਾਰਡਨ ਰੀਚ ਇਲਾਕੇ ਦੇ ਹਜ਼ਾਰੀ ਮੁੱਲਾ ਬਾਗਾਨ ਸਥਿਤ 5 ਮੰਜ਼ਿਲਾ ਇਮਾਰਤ ਦੇਰ ਰਾਤ ਢਹਿ ਗਈ। ਇਸ ਤੋਂ ਬਾਅਦ ਮਲਬੇ ਹੇਠਾਂ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਗਈ। ਕੋਲਕਾਤਾ ਦੇ ਪੁਲੀਸ ਕਮਿਸ਼ਨਰ ਵਿਨੀਤ ਗੋਇਲ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਬਚਾਅ ਕਾਰਜ ਦਾ ਜਾਇਜ਼ਾ ਲਿਆ। ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਸਿਟੀ ਮੇਅਰ ਫਿਰਹਾਦ ਹਕੀਮ ਨੇ ਅੱਜ ਇਹ ਜਾਣਕਾਰੀ ਦਿੱਤੀ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਗਾਰਡਨ ਰੀਚ ਖੇਤਰ ਵਿੱਚ ਇਕ ਨਿਰਮਾਣ ਅਧੀਨ ਇਮਾਰਤ ਡਿਗ ਗਈ। ਅਸੀਂ ਮਲਬੇ ਵਿੱਚੋਂ ਕੁਝ ਲੋਕਾਂ ਨੂੰ ਬਾਹਰ ਕੱਢਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਘਟਨਾ ਵਾਲੀ ਥਾਂ ਤੇ ਐਂਬੂਲੈਂਸਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਮੁਤਾਬਕ ਇਮਾਰਤ ਦੇ ਡਿੱਗਣ ਤੋਂ ਪਹਿਲਾਂ ਕੰਕਰੀਟ ਦੇ ਟੁਕੜੇ ਡਿੱਗੇ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਇਮਾਰਤ ਡਿੱਗੀ ਤਾਂ ਜ਼ੋਰਦਾਰ ਆਵਾਜ਼ ਆਈ ਅਤੇ ਪੂਰੇ ਇਲਾਕੇ ਵਿੱਚ ਧੂੜ ਦੇ ਗੁਬਾਰ ਛਾ ਗਿਆ। ਇਸ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਇਮਾਰਤ ਦਾ ਮਲਬਾ ਆਲੇ-ਦੁਆਲੇ ਦੀਆਂ ਝੁੱਗੀਆਂ ਤੇ ਵੀ ਡਿੱਗਿਆ।
ਓਧਰ ਪੱਛਮੀ ਬੰਗਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਇਕ ਪੋਸਟ ਵਿੱਚ ਕਿਹਾ ਕਿ ਮੈਂ ਪੱਛਮੀ ਬੰਗਾਲ ਦੇ ਗ੍ਰਹਿ ਸਕੱਤਰ ਅਤੇ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਤੋਂ ਪੱਛਮੀ ਬੰਗਾਲ ਸੂਬਾ ਆਫ਼ਤ ਪ੍ਰਬੰਧਨ ਦਲ ਨਾਲ ਮਿਲ ਕੇ ਤੁਰੰਤ ਬਚਾਅ ਅਤੇ ਰਾਹਤ ਮੁਹਿੰਮ ਚਲਾਉਣ ਦੀ ਬੇਨਤੀ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸੰਭਾਵਿਤ ਜਾਨੀ ਨੁਕਸਾਨ ਬਾਰੇ ਦੁਖਦਾਈ ਕਾਲਾਂ ਆ ਰਹੀਆਂ ਹਨ। ਕਿਰਪਾ ਕਰਕੇ ਕੋਈ ਵੀ ਟੀਮ ਭੇਜੋ ਜੋ ਪੀੜਤਾਂ ਨੂੰ ਬਚਾਉਣ ਵਿੱਚ ਮਦਦ ਕਰ ਸਕੇ, ਭਾਵੇਂ ਉਹ ਫਾਇਰ ਫਾਈਟਰਜ਼, ਪੁਲੀਸ ਜਾਂ ਕੋਈ ਹੋਰ ਟੀਮ ਹੋਵੇ।