ਲੁਧਿਆਣਾ, 22 ਮਈ- ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਨੇੜਲੇ ਪਿੰਡ ਚਹਿਲਾਂ ਵਿੱਚ ਅੱਜ ਸਵੇਰੇ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਹਾਈਵੇਅ ਤੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਇਸ ਸੜਕ ਹਾਦਸੇ ਵਿੱਚ 2 ਔਰਤਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖ਼ਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਨੇ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਮੀਨਾਕਸ਼ੀ ਤੇ ਸਰੋਜ ਬਾਲਾ ਵਾਸੀ ਇੰਦੌਰ, ਮੱਧ ਪ੍ਰਦੇਸ਼ ਵਜੋਂ ਹੋਈ ਹੈ।
ਇੰਦੌਰ ਦੇ ਰਹਿਣ ਵਾਲੇ ਰਿਸ਼ਭ ਨੇ ਦੱਸਿਆ ਕਿ ਉਹ ਇੰਦੌਰ ਦੇ ਰਹਿਣ ਵਾਲੇ ਹਨ। ਬੱਸ ਵਿਚ ਸਵਾਰ ਸਾਰੇ ਲੋਕ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ। ਧਾਰਮਿਕ ਅਸਥਾਨਾਂ ਦੇ ਯਾਤਰਾ ਕਰਨ ਲਈ ਸਾਰੇ ਸੈਲਾਨੀ ਟੂਰਿਸਟ ਬੱਸ ਵਿਚ ਨਿਕਲੇ ਸਨ। ਉਹ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਬੀਤੀ ਰਾਤ ਹਰਿਦੁਆਰ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਏ ਸਨ।
ਜਦੋਂ ਸਵੇਰੇ ਕਰੀਬ 5.30 ਵਜੇ ਲੁਧਿਆਣਾ ਪਹੁੰਚੇ ਤਾਂ ਪਿੰਡ ਚਹਿਲਾਂ ਨੇੜੇ ਹਾਈਵੇਅ ਤੇ ਖੜ੍ਹੇ ਖਰਾਬ ਟਰਾਲੇ ਨਾਲ ਬੱਸ ਦੀ ਟੱਕਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਪਿੰਡਾਂ ਦੇ ਲੋਕ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਜ਼ਖਮੀ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਐਂਬੂਲੈਂਸ ਤੇ ਹੋਰ ਵਾਹਨਾਂ ਦੀ ਮਦਦ ਨਾਲ ਉਸ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਮੀਨਾਕਸ਼ੀ ਅਤੇ ਸਰੋਜ ਬਾਲਾ ਨੂੰ ਮ੍ਰਿਤਕ ਐਲਾਨ ਦਿੱਤਾ।