ਚੰਡੀਗੜ੍ਹ, 29 ਅਪ੍ਰੈਲ 2024- ਕਾਂਗਰਸ ਵੱਲੋਂ ਅੱਜ ਪੰਜਾਬ ਵਿਚ 4 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਗਏ। ਸੰਭਾਵਨਾ ਸੀ ਕਿ, ਸ਼੍ਰੀ ਆਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਨੂੰ ਹੀ ਕਾਂਗਰਸ ਟਿਕਟ ਦੇਵੇਗੀ, ਪਰ ਉਥੋਂ ਕਾਂਗਰਸ ਨੇ ਵਿਜੇ ਇੰਦਰ ਸਿੰਗਲਾ ਨੂੰ ਮੈਦਾਨ ਵਿਚ ਉਤਾਰ ਦਿੱਤਾ। ਇਸੇ ਸਭ ਮਸਲੇ ਤੇ ਕਪੂਰਥਲਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਕਿਹਾ ਕਿ, ਆਨੰਦਪੁਰ ਸਾਹਿਬ ਤੋਂ ਉਤਾਰੇ ਗਏ ਉਮੀਦਵਾਰ ਦੀ ਉਹ ਪੂਰਨ ਤੌਰ ਤੇ ਹਮਾਇਤ ਕਰਦੇ ਹਨ। ਪਾਰਟੀ ਨੇ ਜੋ ਵੀ ਫ਼ੈਸਲਾ ਲਿਆ, ਉਹ ਮੈਨੂੰ ਪ੍ਰਵਾਨ ਹੈ। ਹਾਲਾਂਕਿ ਰਾਣਾ ਗੁਰਜੀਤ ਨੇ ਖਡੂਰ ਸਾਹਿਬ ਸੀਟ ਬਾਰੇ ਵੀ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਖਡੂਰ ਸਾਹਿਬ ਹਲਕੇ ਤੋਂ ਸੀਟ ਦਿਵਾਉਣ ਵਿਚ ਉਨ੍ਹਾਂ ਨੇ ਬਹੁਤ ਜ਼ੋਰ ਲਾਇਆ। ਪਾਰਟੀ ਹਾਈਕਮਾਨ ਤੱਕ ਸਾਡੇ ਵੱਲੋਂ ਵੀ ਅਪੀਲ ਕੀਤੀ ਗਈ, ਜਿਸ ਦੇ ਚੱਲਦਿਆਂ ਪਾਰਟੀ ਨੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ।