ਅੰਮ੍ਰਿਤਸਰ, 23 ਅਪ੍ਰੈਲ 2024 : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਅਤੇ ਕੈਬਨਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵੱਲੋਂ ਇੱਕ ਰੈਲੀ ਦੌਰਾਨ ਸਾਬਕਾ ਵਿਧਾਇਕ ਦੇ ਉੱਪਰ ਟਿੱਪਣੀ ਕੀਤੀ ਗਈ ਸੀ ਤੇ ਸਵਰਨਕਾਰ ਬਰਾਦਰੀ ਤੇ ਰਾਮਗੜੀਆ ਬਰਾਦਰੀ ਤੇ ਵੀ ਟਿੱਪਣੀ ਹੋ ਗਈ ਸੀ।
ਜਿਸ ਨੂੰ ਲੈ ਕੇ ਸਵਰਨਕਰ ਬਿਰਾਦਰੀ ਅਤੇ ਰਾਮਗੜੀਆ ਬਿਰਾਦਰੀ ਵਿੱਚ ਲਾਲਜੀਤ ਸਿੰਘ ਭੁੱਲਰ ਨੂੰ ਲੈ ਕੇ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਸੀ । ਜਿਸ ਦੇ ਚਲਦੇ ਅੱਜ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ । ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਭੁੱਲ ਬਖਸ਼ਾਈ ਅਤੇ ਦਰਬਾਰ ਸਾਹਿਬ ਦੇ ਵਿੱਚ ਲੰਗਰ ਹਾਲ ਵਿਖੇ ਜਾ ਕੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ । ਜੋੜਾ ਘਰ ਵਿੱਚ ਜਾ ਕੇ ਬੂਟ ਸਾਫ ਕਰਨ ਦੀ ਸੇਵਾ ਕੀਤੀ ਗਈ।
ਜਦੋਂ ਲਾਲਜੀਤ ਸਿੰਘ ਭੁੱਲਰ ਦਰਬਾਰ ਸਾਹਿਬ ਪਹੁੰਚੇ ਤਾਂ ਇੱਕ ਨੌਜਵਾਨ ਵੱਲੋਂ ਲਾਲਜੀਤ ਸਿੰਘ ਭੁੱਲਰ ਦਾ ਵਿਰੋਧ ਕਰਦੇ ਹੋਏ ਉਹਨਾਂ ਤੋਂ ਸਵਾਲ ਜਵਾਬ ਵੀ ਕੀਤੇ ਗਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਦਿਨੀ ਰੈਲੀ ਦੌਰਾਨ ਗਲਤੀ ਦੇ ਨਾਲ ਰਾਮਗੜੀਆ ਅਤੇ ਸਵਰਨਕਾਰ ਬਰਾਦਰੀ ਤੇ ਜੋ ਟਿੱਪਣੀ ਉਹਨਾਂ ਤੋਂ ਹੋਈ ਹੈ ਉਸ ਦੀ ਭੁੱਲ ਬਖਸ਼ਾਉਣ ਦੇ ਲਈ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਅਤੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਉਹਨਾਂ ਵੱਲੋਂ ਅੱਜ ਸਾਰਾ ਦਿਨ ਦਰਬਾਰ ਸਾਹਿਬ ਵਿੱਚ ਸੇਵਾ ਕੀਤੀ ਜਾਵੇਗੀ । ਉਹਨਾਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਇੱਕ ਨੌਜਵਾਨ ਵੱਲੋਂ ਨਸ਼ੇ ਦੇ ਮੁੱਦੇ ਤੇ ਸਵਾਲ ਕੀਤੇ ਗਏ ਉਸ ਨੇ ਕਿਸੇ ਵੀ ਤਰੀਕੇ ਦਾ ਮੇਰਾ ਵਿਰੋਧ ਨਹੀਂ ਕੀਤਾ । ਸਿਰਫ ਨਸ਼ਾ ਖਤਮ ਕਰਨ ਲਈ ਅਪੀਲ ਕੀਤੀ ਹੈ ਅਤੇ ਨਸ਼ਾ ਖਤਮ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੀ ਪੁਰਜੋਰ ਕੋਸ਼ਿਸ਼ਾਂ ਕਰ ਰਹੇ ਹਨ । ਜਲਦ ਹੀ ਪੰਜਾਬ ਚੋਂ ਨਸ਼ਾ ਖਤਮ ਵੀ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮਾਹੌਲ ਦੇ ਦੌਰਾਨ ਅੱਜ ਦਾ ਦਿਨ ਉਹਨਾਂ ਨੇ ਆਪਣਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸਮਰਪਿਤ ਕੀਤਾ ਤੇ ਅੱਜ ਸਾਰਾ ਦਿਨ ਉਹ ਦਰਬਾਰ ਸਾਹਿਬ ਵਿੱਚ ਸੇਵਾ ਕਰਨਗੇ।