ਲੁਧਿਆਣਾ 23 ਅਪ੍ਰੈਲ 2024 – ਪੰਜਾਬ ਵਿੱਚ 30.0 ਲੱਖ ਹੈਕਟੇਅਰ ਤੋਂ ਵੱਧ ਦੇ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ | ਮੁਲਕ ਵਿੱਚ ਸਭ ਤੋਂ ਵੱਧ ਉਤਪਾਦਕਤਾ ਵਾਲਾ ਇਹ ਸੂਬਾ ਹਰ ਸਾਲ ਕੇਂਦਰੀ ਪੂਲ ਵਿੱਚ 20% ਤੋਂ ਵੱਧ ਝੋਨੇ ਦਾ ਯੋਗਦਾਨ ਪਾਉਂਦਾ ਹੈ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ| ਪਾਣੀ ਦੀ ਵੱਧ ਵਰਤੋਂ ਹੋਣ ਕਰਕੇ ਝੋਨੇ ਦੀ ਕਾਸ਼ਤ ਸੂਬੇ ਦੇ ਉਪਲਬਧ ਜਲ ਸਰੋਤਾਂ ਲਈ ਗੰਭੀਰ ਖਤਰਾ ਪੈਦਾ ਕਰਦੀ ਹੈ|
ਇਸ ਬਾਰੇ ਗੱਲਬਾਤ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਪੰਜਾਬ ਦੇ ਲੱਗਭੱਗ 80% ਰਕਬੇ ਵਿੱਚੋਂ ਲੋੜ ਤੋਂ ਵੱਧ ਪਾਣੀ ਧਰਤੀ ਹੇਠਾਂ ਕੱਢਿਆਂ ਜਾ ਰਿਹਾ ਹੈੈ| ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਅਗੇਤੀ ਲੁਆਈ ਨੂੰ ਸੂਬੇ ਵਿੱਚ ਪਾਣੀ ਦਾ ਪੱਧਰ ਡਿੱਗਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ|2009 ਵਿੱਚ ’ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੋਇਲ ਵਾਟਰ ਐਕਟ’ ਦੇ ਲਾਗੂ ਹੋਣ ਦੇ ਨਤੀਜੇ ਵਜੋਂ 2008-2014 ਦੌਰਾਨ ਭੂਮੀਗਤ ਪਾਣੀ ਦੀ ਗਿਰਾਵਟ ਘਟ ਕੇ 50 ਸੈਂਟੀਮੀਟਰ ਪ੍ਰਤੀ ਸਾਲ ਰਹਿ ਗਈ ਜੋ ਕਿ ਸਾਲ 2000-2008 ਦੌਰਾਨ 85 ਸੈਂਟੀਮੀਟਰ ਸਲਾਨਾ ਸੀ | ਉਹਨਾਂ ਅਨੁਸਾਰ ਮੁਲਕ ਦੀਆਂ ਅਨਾਜ ਲੋੜਾਂ ਦੀ ਪੂਰਤੀ ਅਤੇ ਕੁਦਰਤੀ ਸਰੋਤਾਂ ਦੀ ਸੂਝ-ਬੂਝ ਨਾਲ ਵਰਤੋਂ ਕਰਨ ਦੇ ਸੰਦਰਭ ਵਿੱਚ ਘੱਟ ਪਾਣੀ ਅਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਵਾਲੀਆਂ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ| ਅਜਿਹੀਆਂ ਤਕਨੀਕਾਂ ਤਹਿਤ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ (ਜਿਵੇਂ ਕਿ ਪੀ. ਆਰ. 126, ਪੀ. ਆਰ. 131 ਆਦਿ) ਅਤੇ ਉਹਨਾਂ ਲਈ ਸਿਫਾਰਿਸ਼ ਕਾਸ਼ਤਕਾਰੀ ਢੰਗਾਂ ਦੀ ਇੰਨ-ਬਿੰਨ ਪਾਲਣਾ ਅਹਿਮ ਯੋਗਦਾਨ ਪਾ ਸਕਦੀਆਂ ਹਨ|
ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਸੰਨ 2013 ਤੋਂ 2022 ਤੱਕ ਪੀ ਏ ਯੂ, ਲੁਧਿਆਣਾ ਨੇ ਪਰਮਲ ਝੋਨੇ ਦੀਆਂ 11 ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ, ਜਿਨ•ਾਂ ਵਿੱਚ ਪੀ. ਆਰ. 121, ਪੀ. ਆਰ. 122, ਪੀ. ਆਰ. 126, ਪੀ. ਆਰ. 128 ਅਤੇ ਪੀ. ਆਰ. 131 ਪ੍ਰਮੁੱਖ ਹਨ| ਸਾਉਣੀ 2012 ਦੌਰਾਨ ਗੈਰ-ਬਾਸਮਤੀ ਸ਼੍ਰੇਣੀ ਵਿੱਚ 39.0 ਪ੍ਰਤੀਸ਼ਤ ਰਕਬਾ ਲੰਮੀ ਮਿਆਦ ਦੀਆਂ ਕਿਸਮਾਂ (ਜਿਵੇਂ ਕਿ ਪੂਸਾ 44, ਪੀਆਰ 118 ਆਦਿ) ਅਧੀਨ ਸੀ ਜਦਕਿ ‘ਪੀ. ਆਰ’ ਕਿਸਮਾਂ ਅਧੀਨ 33.0 ਪ੍ਰਤੀਸ਼ਤ ਰਕਬਾ ਸੀ|ਘੱਟ ਸਮੇਂ ਦੀ ਮਿਆਦ, ਜਿਆਦਾ ਝਾੜ, ਰੋਗ ਰੋਧਕ ਅਤੇ ਬਿਹਤਰ ਮਿਲਿੰਗ ਗੁਣਵੱਤਾ ਵਾਲੀਆਂ ਵਾਲੀਆਂ ਪੀ. ਆਰ. ਕਿਸਮਾਂ ਜਿਵੇਂ ਕਿ ਪੀ. ਆਰ. 121, ਪੀ. ਆਰ. 126, ਪੀ. ਆਰ. 128 ਅਤੇ ਪੀ. ਆਰ. 131 ਦੇ ਜਾਰੀ ਹੋਣ ਕਾਰਨ ਸੰਨ 2023 ਦੌਰਾਨ ਘੱਟ ਤੋਂ ਦਰਮਿਆਨੀ ਮਿਆਦ ਵਾਲੀਆਂ ਕਿਸਮਾਂ ਦਾ ਰਕਬਾ ਵਧ ਕੇ 70.0 ਪ੍ਰਤੀਸ਼ਤ ਹੋ ਗਿਆ|ਸੰਨ 2023 ਦੌਰਾਨ ਪੀ. ਆਰ. 126 ਸਭ ਤੋਂ ਹਰਮਨ ਪਿਆਰੀ ਕਿਸਮ ਰਹੀ ਜੋ ਕਿ ਲਗਭਗ 33% ਰਕਬੇ ਉੱਪਰ ਬੀਜੀ ਗਈ| ਮੌਜੂਦਾ ਸੀਜ਼ਨ ਦੌਰਾਨ ਪੀ ਆਰ 126 ਅਤੇ ਪੀ ਆਰ 131 ਕਿਸਮਾਂ ਕਿਸਾਨਾਂ ਲਈ ਮੁੱਖ ਆਕਰਸ਼ਣ ਹਨ, ਇਹ ਬੀਜਣ ਤੋਂ ਬਾਅਦ ਕ੍ਰਮਵਾਰ 93 ਅਤੇ 110 ਦਿਨਾਂ ਵਿੱਚ ਪੱਕ ਜਾਂਦੀਆਂ ਹਨ|
ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਆਂ ਵਿਕਸਤ ਕਿਸਮਾਂ ਦੀ ਵੱਧ ਉਤਪਾਦਕਤਾ ਲਈ ਮੇਲ ਖਾਂਦੀਆਂ ਉਤਪਾਦਨ ਤਕਨੀਕਾਂ (ਲੁਆਈ ਵੇਲੇ ਪਨੀਰੀ ਦੀ ਸਹੀ ਉਮਰ, ਖਾਦ ਦੀ ਵਰਤੋਂ ਦੀ ਸਮਾਂ-ਸਾਰਣੀ ਅਤੇ ਲੁਆਈ ਦੀ ਮਿਤੀ) ਨੂੰ ਵੀ ਵਿਕਸਤ ਕੀਤਾ ਗਿਆ ਹੈ|ਇਹਨਾ ਕਿਸਮਾਂ (ਪੀ. ਆਰ. 126, ਪੀ. ਆਰ. 131) ਦੀ ਲੁਆਈ ਦੇ ਸਮੇ ਦਾ ਸਿੰਚਾਈ ਵਾਲੇ ਪਾਣੀ ਤੇ ਅਸਰ ਸਬੰਧੀ ਤਜਰਬਿਆਂ ਦੇ ਉਤਸ਼ਾਹਜਨਕ ਨਤੀਜੇ ਮਿਲੇ ਹਨ ਅਤੇ ਮੱਧਮ ਮਿਆਦ ਵਾਲੀਆਂ ਕਿਸਮ ਦੀ 15 ਜੂਨ ਤੋਂ ਬਾਅਦ ਲੁਆਈ ਕਰਨ ਨਾਲ ਸਿੰਚਾਈ ਵਾਲੇ ਪਾਣੀ ਵਿੱਚ ਮਹੱਤਵਪੂਰਨ ਬੱਚਤ ਹੁੰਦੀ ਹੈ| ਘੱਟ ਤੋਂ ਦਰਮਿਆਨਾ ਸਮਾਂ ਅਤੇ ਲ਼ੰਮਾ ਸਮਾਂ (ਪੂਸਾ-44) ਲੈਣ ਵਾਲੀਆਂ ਕਿਸਮਾਂ ਦੇ ਵਿਚਕਾਰ ਅੰਕੜਿਆਂ ਦੀ ਤੁਲਨਾ ਨੇ ਕ੍ਰਮਵਾਰ 9 ਸਿੰਚਾਈਆਂ (35 ਸੈਂਟੀਮੀਟਰ) ਅਤੇ 5 ਸਿੰਚਾਈਆਂ (20 ਸੈਂਟੀਮੀਟਰ) ਦੇ ਬਰਾਬਰ ਪਾਣੀ ਦੀ ਬੱਚਤ ਦਰਸਾਈ|
ਪੀ.ਏ.ਯੂ. ਦੇ ਪ੍ਰਸਿੱਧ ਝੋਨਾ ਵਿਗਿਆਨੀ ਡਾ. ਬੂਟਾ ਸਿੰਘ ਢਿੱਲੋਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀ ਆਰ ਕਿਸਮਾਂ ਹੇਠ ਰਕਬਾ ਵਧਣ ਕਾਰਨ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਝੋਨੇ ਦੀ ਭਰਪੂਰ ਪੈਦਾਵਾਰ ਹੋਈ ਹੈ| ਸਾਉਣੀ 2023 ਦੇ ਦੌਰਾਨ ਪੰਜਾਬ ਨੇ 6744 ਕਿਲੋਗ੍ਰਾਮ/ਹੈਕਟੇਅਰ ਦਾ ਸਭ ਤੋਂ ਵੱਧ ਝੋਨੇ ਦੀ ਉਤਪਾਦਕਤਾ ਦਾ ਪੱਧਰ ਦਰਜ ਕੀਤਾ ਹੈ| ਇਹ ਪਿਛਲੇ ਅੰਕੜਿਆਂ ਨੂੰ ਪਛਾੜਦਾ ਹੈ, ਜੋ ਕਿ 2020 ਦੌਰਾਨ 6543 ਕਿਲੋਗ੍ਰਾਮ/ਹੈਕਟੇਅਰ ਸੀ| ਪਿਛਲੇ ਪੰਜ ਸਾਲਾਂ (2014-17, 2023) ਵਿੱਚ ਘੱਟ ਬਾਰਿਸ਼ ਦੇ ਬਾਵਜੂਦ, ਮੱਧਮ ਘੱਟ ਤੋਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਯਕੀਨੀ ਤੌਰ ’ਤੇ ਜਲ ਸਰੋਤਾਂ ਦੀ ਸੰਭਾਲ ਵਿੱਚ ਯੋਗਦਾਨ ਪਾਇਆ ਹੈ|ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ 20-25 ਜੂਨ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ 25 ਜੂਨ-10 ਜੁਲਾਈ ਦੇ ਆਸ-ਪਾਸ ਲੁਆਈ ਕਰਨਾ ਉਤਪਾਦਕਤਾ ਅਤੇ ਪਾਣੀ ਦੀ ਬੱਚਤ ਦੇ ਲਿਹਾਜ਼ ਨਾਲ ਇੱਕ ਵਧੀਆ ਵਿਕਲਪ ਹੋਵੇਗਾ | ਇਹਨਾ ਤਰੀਕਾਂ ਤੇ ਲੁਆਈ ਕਰਨ ਨਾਲ ਝੋਨੇ ਦੀ ਕਟਾਈ ਅਤੇ ਹਾੜ•ੀ ਦੀਆਂ ਅਗਲੀਆਂ ਫਸਲਾਂ ਦੀ ਬਿਜਾਈ ਦੇ ਵਿਚਕਾਰ ਕਾਫ਼ੀ ਸਮਾਂ ਵੀ ਮਿਲ ਜਾਂਦਾ ਹੈ|