ਲੁਧਿਆਣਾ 21 ਮਾਰਚ 2024- ਪੀ ਏ ਯੂ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਨੇ ਇੱਕ ਪ੍ਰਸਿੱਧ ਉਦਯੋਗਪਤੀ ਅਤੇ ਸ਼੍ਰੀਮਤੀ ਬੈਕਟਰ ਫੂਡ ਸਪੈਸ਼ਲਿਟੀਜ਼ ਅਤੇ ਕ੍ਰੀਮਿਕਾ ਗਰੁੱਪ ਆਫ ਕੰਪਨੀਜ਼ ਦੇ ਸੰਸਥਾਪਕ, ਪਦਮਸ਼੍ਰੀ ਰਜਨੀ ਬੈਕਟਰ ਜੀ ਦਾ ਇੱਕ ਪ੍ਰੇਰਣਾਦਾਇਕ ਭਾਸ਼ਣ ਕਰਵਾਇਆ। ਇਹ ਭਾਸ਼ਣ ਪੀ ਏ ਯੂ ਦੇ ਪਾਲ ਆਡੀਟੋਰੀਅਮ ਵਿਖੇ ਕਰਵਾਇਆ ਗਿਆ।
ਸ਼੍ਰੀਮਤੀ ਰਜਨੀ ਬੈਕਟਰ ਨੇ ਆਪਣੀ ‘ਸਫਲਤਾ ਦੀ ਕਹਾਣੀ’ ਸਾਂਝੀ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਘਰ ਦੇ ਵਿਹੜੇ ਤੋਂ ਸ਼ੁਰੂ ਹੋ ਕੇ ਕ੍ਰੀਮਿਕਾ ਨੂੰ ਵਿਸ਼ਵ ਭਰ ਦੇ ਭੋਜਨ ਉਦਯੋਗ ਵਿੱਚ ਸਭ ਤੋਂ ਪਸੰਦੀਦਾ ਬ੍ਰਾਂਡਾਂ ਵਿੱਚੋਂ ਇੱਕ ਬਣਾਉਣ ਦੀ ਆਪਣੀ ਯਾਤਰਾ ਤੇ ਝਾਤ ਪਵਾਈ। ਸ਼੍ਰੀਮਤੀ ਬੈਕਟਰ ਨੇ ਆਪਣੀ ਭਾਸ਼ਣ ਸ਼ੈਲੀ, ਪ੍ਰੇਰਕ ਗੱਲਬਾਤ ਅਤੇ ਸੰਘਰਸ਼ ਦੀ ਦਾਸਤਾਨ ਸੁਣਾ ਕੇ ਸਰੋਤਿਆਂ ਨੂੰ ਜੋੜੀ ਰੱਖਿਆ। ਉਨ੍ਹਾਂ ਨੇ ਵੱਡੇ ਸੁਪਨੇ ਵੇਖਣ ਅਤੇ ਫਿਰ ਲਗਾਤਾਰ ਕੋਸ਼ਿਸ਼ਾਂ ਅਤੇ ਸਖਤ ਮਿਹਨਤ ਦੁਆਰਾ ਉਨ੍ਹਾਂ ਨੂੰ ਸਾਕਾਰ ਕਰਨ ‘ਤੇ ਜ਼ੋਰ ਦਿੱਤਾ।