ਲਹਿਰਾਗਾਗਾ, 21 ਮਾਰਚ, 2024: ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਯਾਦ ਵਿੱਚ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਭਲਕੇ, 23 ਮਾਰਚ ਨੂੂੰ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿੱਚ 11.00 ਵਜੇ ਤੋਂ 2.00 ਤੱਕ ਹੋਵੇਗਾ। ਇਸ ਪ੍ਰੋਗਰਾਮ ਵਿੱਚ “ਲੋਕ ਕਲਾ ਮੰਚ, ਮਾਨਸਾ(ਪ੍ਰੋ: ਅਜਮੇਰ ਔਲਖ) ਵੱਲੋਂ ਆਪਣੇ ਬਹੁਤ ਪ੍ਰਸਿੱਧ ਨਾਟਕਾਂ, ਅਵੇਸਲੇ ਯੁੱਧਾਂ ਦੀ ਨਾਇਕਾ ਅਤੇ ਆਪੋ-ਅਪਣਾ ਹਿੱਸਾ, ਦੀ ਪੇਸ਼ਕਾਰੀ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ “ਮਾਲਵਾ ਹੇਕ, ਲਹਿਰਾਗਾਗਾ” ਵੱਲੋਂ ਡਾ: ਜਗਦੀਸ਼ ਪਾਪੜਾ ਦੀ ਅਗਵਾਈ ਵਿੱਚ ਗੀਤ-ਸੰਗੀਤ ਪੇਸ਼ ਕੀਤਾ ਜਾਵੇਗਾ।
ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਪਰੋਗਰਾਮ ਵਿੱਚ ਇਲਾਕੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਆਗੂ ਤੇ ਵਰਕਰ ਸ਼ਾਮਲ ਹੋਣਗੇ। ਇਸ ਗੱਲ ਦਾ ਖੁਲਾਸਾ ਲੋਕ ਚੇਤਨਾ ਮੰਚ ਦੀ ਮੀਟਿੰਗ ਤੋਂ ਬਾਅਦ ਮੰਚ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਇਸ ਸਾਲ ਦਾ ਮਰਹੂਮ ਹਰੀ ਸਿੰਘ ਤਰਕ ਯਾਦਗਾਰੀ ਸਨਮਾਨ ਪ੍ਰੋਫੈਸਰ ਅਜਮੇਰ ਔਲਖ ਦੀ ਜੀਵਨ ਸਾਥੀ ਅਤੇ ਪ੍ਰਸਿੱਧ ਅਦਾਕਾਰਾ ਮਨਜੀਤ ਕੌਰ ਔਲਖ ਨੂੰ ਦਿੱਤਾ ਜਾਵੇਗਾ ਅਤੇ ਜਮਹੂਰੀ ਲਹਿਰ ਲਈ ਉਮਰ ਭਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਜੁਝਾਰੂ ਆਗੂ ਅਤੇ ਸਰੀਰ-ਦਾਨੀ ਨਾਮਦੇਵ ਭੁਟਾਲ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਅੱਠ ਗਰੀਬ ਮਜਦੂਰਾਂ ਦੇ ਪਰਿਵਾਰਾਂ ਨਾਲ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਹਲਕੇ ਵਿੱਚ ਅਜਿਹਾ ਕਾਂਡ ਵਾਪਰਣ ‘ਤੇ ਮਾਨ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਗਈ। ਮੰਚ ਵੱਲੋਂ ਮਤਾ ਪਾਸ ਕਰਕੇ ਲਹਿਰਾ ਬਲਾਕ ਦੇ ਪ੍ਰਾਇਮਰੀ ਅਧਿਆਪਕਾਂ ਨੂੂੰ ਤਨਖਾਹਾਂ ਨਾ ਦੇ ਦੀ ਨਿੰਦਾ ਕੀਤੀ ਗਈ।