ਰਾਜਸਥਾਨ, 18 ਮਾਰਚ – ਰਾਜਸਥਾਨ ਦੇ ਅਜਮੇਰ ਵਿੱਚ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਕੈਂਟ ਤੋਂ ਜਾ ਰਹੀ ਇਕ ਸੁਪਰਫਾਸਟਰ ਟਰੇਨ ਦੇ ਇੰਜਣ ਸਮੇਤ 4 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵਿੱਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਬੀਤੀ ਦੇਰ ਰਾਤ ਇਕ ਵਜੇ ਦੀ ਦੱਸੀ ਜਾ ਰਹੀ ਹੈ। ਰੇਲਵੇ ਦੇ ਅਧਿਕਾਰਤ ਸੂਤਰਾਂ ਮੁਤਾਬਕ ਗੱਡੀ, ਸਾਬਰਮਤੀ-ਆਗਰਾ ਰੇਲ ਦੇਰ ਰਾਤ 1.04 ਵਜੇ ਪਟੜੀ ਤੋਂ ਉਤਰ ਗਈ, ਜਿਸ ਵਿੱਚ ਉਸ ਦਾ ਇੰਜਣ ਅਤੇ 4 ਜਨਰਲ ਡੱਬੇ ਪਟੜੀ ਤੋਂ ਉਤਰ ਗਏ। ਇਸ ਨਾਲ ਮਾਰਗ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਬਚਾਅ ਦਲ ਮੌਕੇ ਤੇ ਪਹੁੰਚ ਗਿਆ। ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਰੇਲਵੇ ਵਲੋਂ ਤੁਰੰਤ ਕਾਰਵਾਈ ਕਰਦਿਆਂ ਰੇਲਵੇ ਅਧਿਕਾਰੀ ਅਤੇ ਕਾਮਿਆਂ ਨੇ ਟਰੈਕ ਤੇ ਆਵਾਜਾਈ ਬਹਾਲ ਕਰਨ ਲਈ ਕੰਮ ਸ਼ੁਰੂ ਕੀਤਾ। ਬਾਅਦ ਵਿਚ ਇਸ ਮਾਰਗ ਤੇ ਰੇਲ ਸੰਚਾਲਣ ਸ਼ੁਰੂ ਕਰ ਦਿੱਤਾ ਗਿਆ ਅਤੇ ਗੱਡੀ ਨੂੰ ਰਵਾਨਾ ਕਰ ਦਿੱਤਾ।
ਹਾਦਸੇ ਤੋਂ ਬਾਅਦ ਇਸ ਰੂਟ ਤੇ 6 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦੋ ਦੇ ਰੂਟ ਬਦਲ ਦਿੱਤੇ ਗਏ ਹਨ। ਹਾਦਸੇ ਦੇ ਕਾਰਨਾਂ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।