ਬਲੀਆ, 27 ਫਰਵਰੀ- ਉੱਤਰ ਪ੍ਰਦੇਸ਼ ਦੇ ਬਲੀਆ ਇਲਾਕੇ ਵਿਚ ਦੋ ਜੀਪਾਂ ਦੀ ਇਕ ਪਿਕਅੱਪ ਵੈਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਬੱਚਿਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 10 ਜ਼ਖ਼ਮੀ ਹੋ ਗਏ। ਇਹ ਹਾਦਸਾ ਅੱਜ ਤੜਕੇ ਵਾਪਰਿਆ। ਪੁਲੀਸ ਖੇਤਰ ਅਧਿਕਾਰੀ ਮੁਹੰਮਦ ਉਸਮਾਨ ਨੇ ਅੱਜ ਦੱਸਿਆ ਕਿ ਦੋਕਟੀ ਖੇਤਰ ਦੇ ਸੁਘਰ ਛਪਰਾ ਮੋੜ ਕੋਲ ਅੱਜ ਤੜਕੇ ਲੱਗਭਗ ਢਾਈ ਤਿੰਨ ਵਜੇ ਤੇਜ਼ ਰਫ਼ਤਾਰ ਪਿਕਅਪ ਵਾਹਨ ਅਤੇ ਦੋ ਜੀਪਾਂ ਵਿਚ ਟੱਕਰ ਹੋ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ 4 ਵਿਅਕਤੀਆਂ ਦੀ ਸਥਿਤੀ ਗੰਭੀਰ ਹੋਣ ਕਰ ਕੇ ਉਨ੍ਹਾਂ ਨੂੰ ਵਾਰਾਣਸੀ ਰੈਫਰ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ, ਪੁਲੀਸ ਇੰਸਪੈਕਟਰ ਦੇਵ ਰੰਜਨ ਵਰਮਾ ਅਤੇ ਪੁਲੀਸ ਸੁਪਰਡੈਂਟ ਆਫ਼ ਪੁਲੀਸ ਮੁਹੰਮਦ ਉਸਮਾਨ ਸਮੇਤ ਸੀਨੀਅਰ ਅਧਿਕਾਰੀ ਜ਼ਿਲ੍ਹਾ ਹਸਪਤਾਲ ਪਹੁੰਚ ਗਏ।
ਪੁਲੀਸ ਇੰਸਪੈਕਟਰ ਵਰਮਾ ਨੇ ਦੱਸਿਆ ਕਿ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਹਾਂ ਜੀਪਾਂ ਵਿਚ ਕੁੱਲ 17 ਵਿਅਕਤੀ ਸਵਾਰ ਸਨ। ਜੀਪ ਵਿਚ ਸਵਾਰ ਲੋਕ ਖੇਜੁਰੀ ਥਾਣਾ ਖੇਤਰ ਦੇ ਮਾਸੂਮਪੁਰ ਪਿੰਡ ਵਿਚ ਤਿਲਕ ਸਮਾਰੋਹ ਤੋਂ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।