ਇੰਫਾਲ, 16 ਫਰਵਰੀ (ਸ.ਬ.) ਮਣੀਪੁਰ ਦੇ ਚੁਰਾਚੰਦਪੁਰ ਵਿਚ ਬੀਤੀ ਰਾਤ ਨੂੰ ਇਕ ਵਾਰ ਫਿਰ ਹਿੰਸਾ ਭੜਕ ਗਈ, ਜਦੋਂ ਇਕ ਭੀੜ ਨੇ ਪੁਲੀਸ ਸੁਪਰਡੈਂਟ (ਐਸਪੀ) ਅਤੇ ਡਿਪਟੀ ਕਮਿਸ਼ਨਰ (ਡੀਸੀ) ਦੇ ਦਫਤਰਾਂ ਵਿਚ ਸਥਿਤ ਸਰਕਾਰੀ ਕੰਪਲੈਕਸ ਵਿਚ ਦਾਖਲ ਹੋ ਕੇ ਵਾਹਨਾਂ ਨੂੰ ਅੱਗ ਲਗਾ ਦਿਤੀ ਅਤੇ ਭੰਨਤੋੜ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜ਼ਿਲ੍ਹਾ ਪੁਲੀਸ ਦੇ ਇਕ ਹੈੱਡ ਕਾਂਸਟੇਬਲ ਨੂੰ ਇਕ ਵੀਡੀਉ ਵਿਚ ਕਥਿਤ ਤੌਰ ਤੇ ਹਥਿਆਰਬੰਦ ਵਿਅਕਤੀਆਂ ਨਾਲ ਦੇਖਿਆ ਗਿਆ ਸੀ, ਜਿਸ ਨੂੰ ਬਾਅਦ ਮੁਅੱਤਲ ਕਰ ਦਿਤਾ ਗਿਆ। ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਕਈ ਬੱਸਾਂ ਅਤੇ ਟਰੱਕਾਂ ਨੂੰ ਸਾੜ ਦਿਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਕਈ ਅੱਥਰੂ ਗੈਸ ਦੇ ਗੋਲੇ ਛੱਡੇ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ।
ਚਸ਼ਮਦੀਦਾਂ ਨੇ ਦਸਿਆ ਕਿ ਝੜਪ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਕ ਚਸ਼ਮਦੀਦ ਨੇ ਕਿਹਾ ਐਸਪੀ ਸ਼ਿਵਾਨੰਦ ਸੁਰਵੇ ਦੁਆਰਾ ਜਾਰੀ ਕੀਤੇ ਗਏ ਮੁਅੱਤਲੀ ਦੇ ਹੁਕਮ ਵੱਖ-ਵੱਖ ਸੋਸ਼ਲ ਮੀਡੀਆ ਸਮੂਹਾਂ ਵਿਚ ਵਾਇਰਲ ਹੋਣ ਤੋਂ ਤੁਰੰਤ ਬਾਅਦ ਸ਼ਾਮ ਲਗਭਗ 7.40 ਵਜੇ ਚੂਰਾਚੰਦਪੁਰ ਦੇ ਐਸਪੀ ਦਫ਼ਤਰ ਦੇ ਸਾਹਮਣੇ ਭੀੜ ਇਕੱਠੀ ਹੋ ਗਈ।
ਇਸ ਤੋਂ ਪਹਿਲਾਂ ਮਣੀਪੁਰ ਪੁਲੀਸ ਨੇ ਇਕ ਪੋਸਟ ਵਿਚ ਕਿਹਾ ਕਰੀਬ 300-400 ਲੋਕਾਂ ਦੀ ਭੀੜ ਨੇ ਅੱਜ ਪੁਲੀਸ ਸੁਪਰਡੈਂਟ ਦੇ ਦਫ਼ਤਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਥਰਾਅ ਕੀਤਾ। ਸਥਿਤੀ ਨੂੰ ਕਾਬੂ ਕਰਨ ਲਈ ਰੈਪਿਡ ਐਕਸ਼ਨ ਫੋਰਸ (ਆਰਏਐਫ) ਸਮੇਤ ਹੋਰ ਸੁਰੱਖਿਆ ਬਲ ਅੱਥਰੂ ਗੈਸ ਦੇ ਗੋਲੇ ਛੱਡ ਕੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਥਿਤੀ ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ।
ਚੁਰਾਚੰਦਪੁਰ ਦੇ ਐਸਪੀ ਸ਼ਿਵਾਨੰਦ ਸੁਰਵੇ ਨੇ ਹੈੱਡ ਕਾਂਸਟੇਬਲ ਸਿਯਾਮਲਪਾਲ ਨੂੰ ਅਗਲੇ ਹੁਕਮਾਂ ਤਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਹੈ। ਪੁਲੀਸ ਨੇ ਆਪਣੇ ਆਦੇਸ਼ ਵਿਚ ਕਿਹਾ ਇਕ ਅਨੁਸ਼ਾਸਿਤ ਪੁਲੀਸ ਬਲ ਦਾ ਮੈਂਬਰ ਹੋਣ ਦੇ ਨਾਤੇ, ਇਹ ਬਹੁਤ ਗੰਭੀਰ ਦੁਰਵਿਹਾਰ ਦੇ ਬਰਾਬਰ ਹੈ। ਚੂਰਾਚੰਦਪੁਰ ਜ਼ਿਲ੍ਹਾ ਪੁਲੀਸ ਦੇ ਸੀਯਾਮਲਪਾਲ ਖ਼ਿਲਾਫ਼ ਵੀ ਵਿਭਾਗੀ ਜਾਂਚ ਤੇ ਵਿਚਾਰ ਕੀਤਾ ਜਾ ਰਿਹਾ ਹੈ।