ਰਾਜਪੁਰਾ (ਪਟਿਆਲਾ), 14 ਫਰਵਰੀ, 2024: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਦੀ ਗੋਲੀਬਾਰੀ ਅਤੇ ਹੰਝੂ ਗੈਸ ਦੇ ਗੋਲੇ ਛੱਡਣ ਕਾਰਨ ਜ਼ਖ਼ਮੀ ਹੋਏ ਕਿਸਾਨ ਨਾਲ ਫੋਨ ’ਤੇ ਗੱਲਬਾਤ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਫੋਨ ’ਤੇ ਕਿਸਾਨ ਨਾਲ ਗੱਲਬਾਤ ਕਰਵਾਈ। ਰਾਜਾ ਵੜਿੰਗ ਨੇ ਇਸ ਗੱਲਬਾਤ ਦੀ ਵੀਡੀਓ ਫੇਸਬੁੱਕ ’ਤੇ ਪੋਸਟਕੀਤੀ ਹੈ। ਇਸ ਵਿਚ ਹਵਾਲਦਾਰ ਰਾਜਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ 17 ਸਾਲਾਂ ਤੱਕ ਫੌਜ ਵਿਚ ਰਿਹਾ ਹੈ ਤੇ ਉਹ ਗੋਲੀ ਦੇ ਜ਼ਖ਼ਮ ਤੇ ਹੰਝੂ ਗੈਸ ਦੇ ਗੋਲੇ ਨਾਲ ਹੋਏ ਜ਼ਖ਼ਮ ਵਿਚਲਾ ਫਰਕ ਜਾਣਦਾ ਹੈ। ਉਸਨੂੰ ਗੋਲੀ ਲੱਗੀ ਹੈ। ਹਰਿਆਣਾ ਪੁਲਿਸ 12 ਬੋਰ ਦੀਆਂ ਰਾਈਫਲਾਂ ਨਾਲ ਗੋਲੀਆਂ ਦਾਗ ਰਹੀ ਹੈ। ਉਸਨੇ ਇਹ ਵੀ ਦੱਸਿਆ ਕਿ ਰੱਬੜ ਦੀਆਂ ਗੋਲੀਆਂ ਉਸਦੇ ਸਿਰ ਅਤੇ ਮੂੰਹ ’ਤੇ ਵੱਜੀਆਂ ਹਨ ਤੇ ਉਸਦੀ ਅੱਖ ਦਾ ਨੁਕਸਾਨ ਹੋਣ ਵਾਲਾ ਸੀ ਪਰ ਡਾਕਟਰ ਨੇ ਬਚਾ ਲਿਆ।
ਉਸਨੇ ਦੱਸਿਆ ਕਿ 100 ਤੋਂ ਜ਼ਿਆਦਾ ਕਿਸਾਨ ਜ਼ਖ਼ਮੀ ਹੋਏ ਹਨ ਤੇ 3 ਤੋਂ 4 ਗੰਭੀਰ ਜ਼ਖ਼ਮੀ ਹਨ।