ਪਟਨਾ, 1 ਸਤੰਬਰ – ਸੁਪਰੀਮ ਕੋਰਟ ਨੇ ਬਿਹਾਰ ਦੇ ਸਿਆਸਤਦਾਨ ਪ੍ਰਭੂਨਾਥ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ 1995 ਦੇ ਦੋਹਰੇ ਕਤਲ ਨਾਲ ਜੁੜੇ ਇੱਕ ਮਾਮਲੇ ਵਿੱਚ ਸੁਣਾਈ ਹੈ।
ਪ੍ਰਭੂਨਾਥ ਸਿੰਘ ਸਾਬਕਾ ਸੰਸਦ ਮੈਂਬਰ ਹਨ। ਪ੍ਰਭੂਨਾਥ ਤੇ 1995 ਵਿੱਚ ਕਤਲ ਦਾ ਮਾਮਲਾ ਦਰਜ ਹੋਇਆ ਸੀ। ਇਸੇ ਮਾਮਲੇ ਤੇ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਇਆ ਅਤੇ ਸਾਬਕਾ ਸੰਸਦ ਮੈਂਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
1995 ਵਿੱਚ ਪ੍ਰਭੂਨਾਥ ਸਿੰਘ ਖ਼ਿਲਾਫ਼ ਦੋਹਰੇ ਕਤਲ ਦਾ ਕੇਸ ਦਰਜ ਹੋਇਆ ਸੀ। ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਉਸ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
18 ਅਗਸਤ ਨੂੰ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਹੇਠਲੀ ਅਦਾਲਤ ਅਤੇ ਪਟਨਾ ਹਾਈ ਕੋਰਟ ਦੇ ਹੁਕਮਾਂ ਨੂੰ ਪਲਟ ਦਿੱਤਾ ਸੀ।
ਹੇਠਲੀ ਅਦਾਲਤ ਅਤੇ ਪਟਨਾ ਹਾਈ ਕੋਰਟ ਨੇ ਪ੍ਰਭੂਨਾਥ ਸਿੰਘ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਸਨ ਪਰ ਸੁਪਰੀਮ ਕੋਰਟ ਨੇ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਜ਼ਾ ਦੀ ਮਾਤਰਾ ਤੇ ਦਲੀਲਾਂ ਸੁਣਨ ਤੋਂ ਬਾਅਦ, ਬੈਂਚ ਨੇ ਦੋਸ਼ੀ ਪ੍ਰਭੂਨਾਥ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਪ੍ਰਭੂਨਾਥ ਸਿੰਘ ਦਾ ਦੋਹਰਾ ਕਤਲ ਕੇਸ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਛਪਰਾ ਵਿਖੇ ਵਿਧਾਨ ਸਭਾ ਚੋਣਾਂ (ਮਾਰਚ 1995) ਦੀਆਂ ਵੋਟਾਂ ਵਾਲੇ ਦਿਨ ਦੋ ਵਿਅਕਤੀਆਂ ਦੇ ਕਤਲ ਨਾਲ ਸਬੰਧਤ ਹੈ।
ਇਨ੍ਹਾਂ ਲੋਕਾਂ ਦੇ ਕਤਲ ਲਈ ਪ੍ਰਭੂਨਾਥ ਨੂੰ ਦੋਸ਼ੀ ਦੱਸਿਆ ਗਿਆ ਸੀ। ਇਲਜ਼ਾਮ ਸੀ ਕਿ ਦੋਵਾਂ ਨੇ ਪ੍ਰਭੂਨਾਥ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਈ ਸੀ, ਇਸ ਲਈ ਉਨ੍ਹਾਂ ਦਾ ਕਤਲ ਕੀਤਾ ਗਿਆ।
ਸੁਪਰੀਮ ਕੋਰਟ ਨੇ ਬਿਹਾਰ ਦੇ ਮਹਾਰਾਜਗੰਜ ਤੋਂ ਕਈ ਵਾਰ ਸਾਂਸਦ ਰਹਿ ਚੁੱਕੇ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਸੀ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਿੰਘ ਨੇ ਆਪਣੇ ਖਿਲਾਫ ਸਬੂਤਾਂ ਨੂੰ ਨਸ਼ਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਸੀ।
ਸਾਬਕਾ ਸੰਸਦ ਮੈਂਬਰ ਪ੍ਰਭੂਨਾਥ ਸਿੰਘ ਦਾ ਸਿਆਸੀ ਕੈਰੀਅਰ 1985 ਵਿੱਚ ਸ਼ੁਰੂ ਹੋਇਆ ਸੀ। ਵਿਧਾਇਕ ਬਣਨ ਤੋਂ ਪਹਿਲਾਂ ਪ੍ਰਭੂਨਾਥ ਮਸ਼ਰਕ ਦੇ ਤਤਕਾਲੀ ਵਿਧਾਇਕ ਰਾਮਦੇਵ ਸਿੰਘ ਕਾਕਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਏ ਸਨ।
ਪ੍ਰਭਨਾਥ ਸਿੰਘ ਤੇ ਕਾਕਾ ਦੇ ਕਤਲ ਦਾ ਵੀ ਦੋਸ਼ ਸੀ ਪਰ ਬਾਅਦ ਵਿਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ। ਹਾਲਾਂਕਿ, ਉਸ ਦੇ ਭਰਾ ਦੀਨਾ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
1990 ਵਿੱਚ, ਪ੍ਰਭੂਨਾਥ ਸਿੰਘ ਜਨਤਾ ਦਲ ਦੀ ਟਿਕਟ ਤੇ ਚੋਣ ਜਿੱਤੇ। 1995 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਦਲ ਦੀ ਟਿਕਟ ਅਸ਼ੋਕ ਸਿੰਘ ਨੂੰ ਦਿੱਤੀ ਗਈ। ਇਸ ਦੌਰਾਨ ਪ੍ਰਭੂਨਾਥ ਨੇ ਬਿਹਾਰ ਪੀਪਲਜ਼ ਪਾਰਟੀ (ਬੀ.ਪੀ.ਪੀ.ਏ) ਤੋਂ ਚੋਣ ਲੜੀ ਸੀ। ਪ੍ਰਭੂਨਾਥ ਹਾਰ ਗਏ ਅਤੇ ਅਸ਼ੋਕ ਸਿੰਘ ਚੋਣ ਜਿੱਤ ਗਏ।
ਇਸ ਤੋਂ ਬਾਅਦ 3 ਜੁਲਾਈ 1995 ਨੂੰ ਸ਼ਾਮ 7.20 ਵਜੇ ਅਸ਼ੋਕ ਸਿੰਘ ਦਾ ਪਟਨਾ ਦੇ ਸਟ੍ਰੈਂਡ ਰੋਡ ਤੇ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ। ਪ੍ਰਭਨਾਥ ਸਿੰਘ, ਉਸ ਦੇ ਭਰਾ ਦੀਨਾਨਾਥ ਸਿੰਘ ਅਤੇ ਮਸ਼ਰਕ ਦੇ ਰਿਤੇਸ਼ ਸਿੰਘ ਨੂੰ ਕਤਲ ਵਿੱਚ ਨਾਮਜ਼ਦ ਕੀਤਾ ਗਿਆ ਸੀ।