ਬਠਿੰਡਾ, 1ਜਨਵਰੀ 2024: ਡੇਰਾ ਸੱਚਾ ਸੌਦਾ ਸਿਰਸਾ ਦੇ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਡੇਰੇ ਦੇ ਦੂਸਰੇ ਮੁਖੀ ਮਰਹੂਮ ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਨ 25 ਜਨਵਰੀ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ’ਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ। ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਸੁਨਾਰੀਆ ਜੇਲ੍ਹ ਵਿੱਚੋਂ ਲਿਖੇ 18ਵੇਂ ਪੱਤਰ ਦੀ ਇਬਾਰਤ ਨੂੰ ਗਹੁ ਨਾਲ ਵਾਚੀਏ ਤਾਂ ਇਹੋ ਜਾਪਦਾ ਹੈ। ਇਹ ਪੱਤਰ ਐਤਵਾਰ ਨੂੰ ਸਾਲ 2023 ਅਤੇ ਦਸੰਬਰ ਮਹੀਨੇ ਦੇ ਅੰਤਿਮ ਨਾਮਚਰਚਾ ਸਮਾਗਮ ’ਚ ਸ਼ਾਮਲ ਹੋਣ ਲਈ ਪੁੱਜੇ ਹਜ਼ਾਰਾਂ ਦੀ ਗਿਣਤੀ ਡੇਰਾ ਪ੍ਰੇਮੀਆਂ ਨੂੰ ਪੜ੍ਹ ਕੇ ਵੀ ਸੁਣਾਇਆ ਗਿਆ ਹੈ। ਰਾਮ ਰਹੀਮ ਨੇ ਪੱਤਰ ’ਚ ਕਿਹਾ ਹੈ ‘ਪਿਆਰੇ ਬੱਚਿਓ ਅਸੀਂ ਗੁਰੂ ਰੂਪ ’ਚ ਹਰ ਪਲ ਮਾਲਕ ਤੋਂ ਤੁਹਾਡੇ ਲਈ, ਭੰਡਾਰੇ ਦੀਆਂ ਖੁੁਸ਼ੀਆਂ ਮੰਗਦੇ ਹੋਏ ਕਹਿੰਦੇ ਹਾਂ ਕਿ ਭੰਡਾਰੇ ’ਚ ਤੁਹਾਨੂੰ ‘‘ਈ-ਸਪੈਸ਼ਲ ਖੁਸ਼ੀਆਂ’’ ਮਿਲਣ।
ਪੈਰੋਲ ਦੌਰਾਨ ਸ਼ਰਧਾਲੂਆਂ ਨੂੰ ਆਨਲਾਈਨ ਹੀ ਸੰਬੋਧਨ ਕਰਨ ਕਰਕੇ ਡੇਰਾ ਮੁਖੀ ਵੱਲੋਂ ਪੱਤਰ ’ਚ ਦਰਜ ਈ ਸਪੈਸ਼ਲ ਖੁਸ਼ੀਆਂ ਨੂੰ ਇੱਕ ਤਰਾਂ ਨਾਲ ਇਸ ਸਬੰਧ ’ਚ ਟੇਢੇ ਢੰਗ ਨਾਲ ਇੱਕ ਤਰਾਂ ਇਸ਼ਾਰਾ ਹੀ ਮੰਨਿਆ ਜਾ ਰਿਹਾ ਹੈ ।ਹਾਲਾਂਕਿ ਇਹ ਸ਼ੁਰੂਆਤੀ ਕਿਆਸ ਹਨ ਅਤੇ ਅੰਤਿਮ ਫੈਸਲਾ ਜੇਲ੍ਹ ਤੋਂ ਪੈਰੋਲ ਮਿਲਣ ਉਪਰੰਤ ਹੋਵੇਗਾ ਫਿਰ ਵੀ ਡੇਰਾ ਪ੍ਰੇਮੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪੱਤਰ ’ਚ ਨਵੇਂ ਸਾਲ ਅਤੇ ਮਰਹੂਮ ਸ਼ਾਹ ਸਤਿਨਾਮ ਸਿੰਘ ਦਾ ਜਨਮ ਮਹੀਨਾ ਜਨਵਰੀ ਸ਼ੁਰੂ ਹੋਣ ਦੀਆਂ ਵਧਾਈਆਂ ਵੀ ਭੇਜੀਆਂ ਹਨ। ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਡੇਰਾ ਮੁਖੀ ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਨ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਡੇਰਾ ਪੈਰੋਕਾਰ ਪਹਿਲੀ ਜਨਵਰੀ ਨੂੰ ਆਪਣੇ ਢੰਗ ਨਾਲ ਜਸ਼ਨ ਸ਼ੁਰੂ ਕਰ ਦਿੰਦੇ ਹਨ ਜੋ ਮਹੀਨੇ ਦੇ ਅੰਤ ਤੱਕ ਜਾਰੀ ਰਹਿੰਦੇ ਹਨ।