ਐਸ. ਏ. ਐਸ ਨਗਰ, 22 ਦਸੰਬਰ – ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਪੰਜਾਬ ਭਾਜਪਾ ਦੀ ਕੋਰ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਸਾਹਿਬਜਾਦਿਆਂ ਦਾ ਇਤਿਹਾਸ ਪੜ੍ਹਾਉਣ ਦੀ ਲੋੜ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਇਸ ਵੇਲੇ ਸਿੱਖਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ। ਉਹਨਾਂ ਕਿਹਾ ਕਿ 21 ਤੋਂ 29 ਦਸੰਬਰ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਧਾਰਮਿਕ ਆਜ਼ਾਦੀ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਕਰਵਾ ਲਏ ਅਤੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਲਏ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਡੀ ਧਾਰਮਿਕ ਆਜ਼ਾਦੀ ਲਈ ਅਤੇ ਖਾਸ ਕਰਕੇ ਹਿੰਦੂ ਧਰਮ ਦੀ ਰੱਖਿਆ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਪਰੰਤੂ ਅਫਸੋਸ ਇਹ ਹੈ ਕਿ ਅੱਜ ਸਾਡੇ ਬੱਚੇ ਅਤੇ ਨੌਜਵਾਨ ਪੀੜੀ ਸ਼ਹੀਦੀ ਦਿਹਾੜਿਆਂ ਦੇ ਇਸ ਮਾਣਮੱਤੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਮਾਪਿਆਂ ਨੂੰ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਣਾ ਚਾਹੀਦਾ ਹੈ ਅਤੇ ਸਕੂਲਾਂ ਵਿੱਚ ਜਿਵੇਂ ਹੋਰ ਤਿਉਹਾਰ ਮਨਾਏ ਜਾਂਦੇ ਹਨ, ਉਸੇ ਤਰ੍ਹਾਂ ਸ਼ਹੀਦੀ ਦਿਹਾੜੇ ਦੇ ਇਤਿਹਾਸ ਬਾਰੇ ਵੀ ਸਕੂਲਾਂ ਅੰਦਰ ਪ੍ਰੋਗਰਾਮ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਪੰਜਾਬ ਅਤੇ ਚੰਡੀਗੜ੍ਹ ਦੇ 100 ਦੇ ਕਰੀਬ ਸਕੂਲਾਂ ਨੂੰ ਪੱਤਰ ਵੀ ਭੇਜੇ ਗਏ ਹਨ ਕਿ ਬੱਚਿਆਂ ਨੂੰ ਸ਼ਹੀਦੀ ਦਿਹਾੜਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਯੋਗ ਕਦਮ ਚੁੱਕੇ ਜਾਂਣ ਤਾਂ ਜੋ ਸਾਡੀ ਨਵੀਂ ਪੀੜੀ ਇਸ ਮਾਨਮੱਤੇ ਇਤਿਹਾਸ ਨਾਲ ਜੁੜੀ ਰਹੇ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਜੋ ਐਲਾਨ ਕੀਤਾ ਸੀ, ਉਸ ਨਾਲ ਸਾਰੇ ਭਾਰਤ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਗਰੂਕਤਾ ਆਈ ਹੈ। ਉਹਨਾਂ ਵਿਦਿਅਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਵੀਰ ਬਾਲ ਦਿਵਸ ਜਰੂਰ ਮਨਾਉਣ ਤਾਂ ਜੋ ਨਵੀਂ ਪੀੜ੍ਹੀ ਸ਼ਹੀਦੀ ਦਿਹਾੜਿਆਂ ਦੇ ਇਤਿਹਾਸ ਨਾਲ ਜੁੜੀ ਰਹੇ।