ਚਮਕੌਰ ਸਾਹਿਬ , 20 ਦਸੰਬਰ 2023 : ਪੰਜਵਾਂ ਤਖ਼ਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 21-22-23 ਨੂੰ ਚਮਕੌਰ ਸਾਹਿਬ ਵਿਖੇ ਪੂਰਨ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਸਭ ਸੰਗਤਾਂ ਨੂੰ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਚਮਕੌਰ ਸਾਹਿਬ ਹਾਜ਼ਰੀ ਭਰਨੀ ਚਾਹੀਦੀ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਸਮੁੱਚੇ ਸਿਆਸੀ ਦਲਾਂ ਨੂੰ ਇਸ ਇਤਿਹਾਸ ਦੇ ਪ੍ਰਸੰਗ ਨੂੰ ਸਮਝਦਿਆਂ, ਰਾਜਸੀ ਕਾਨਫ੍ਰੰਸਾਂ ਦੀ ਬਜਾਏ ਕੇਵਲ ਗੁਰਮਤਿ ਸਮਾਗਮ ਹੀ ਕੀਤੇ ਜਾਣ।
ਅੱਜ ਏਥੋ ਰਣਜੀਤਗੜ੍ਹ ਸਾਹਿਬ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਇਸ ਮਹੀਨੇ ਦਸਮ ਪਾਤਸ਼ਾਹ ਦਾ ਅਨੰਦਪੁਰ ਤੋਂ ਚਲਣਾ, ਪਰੀਵਾਰ ਦਾ ਵਿਛੜ ਜਾਣਾ, ਚਮਕੌਰ ਦੇ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਤੇ ਪਿਆਰੇ ਸਿੰਘਾਂ ਦਾ ਸ਼ਹੀਦ ਹੋ ਜਾਣਾ, ਛੋਟਿਆਂ ਸਾਹਿਬਜ਼ਾਦਿਆਂ ਨੂੰ ਫਤਹਿਗੜ੍ਹ ਸਾਹਿਬ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦੇਣਾ, ਦਾ ਇਤਿਹਾਸ ਲਸਾਨੀ ਤੇ ਨਿਵੇਕਲਾ ਤੇ ਕੌਮ ਲਈ ਮਹੱਤਤਾ ਵਾਲਾ ਹੈ।ਨਵੀਂ ਆਉਣ ਵਾਲੀ ਨੌਜਵਾਨ ਪਨੀਰੀ ਨੂੰ ਇਹਨਾਂ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣੂੰ ਕਰਾਉਣਾ ਲਾਜ਼ਮੀ ਹੈ।ਅੱਜ ਅਧੁਨਿਕ ਬਿਜਲਈ ਸਾਧਨਾਂ ਜੰਤਰਾਂ ਨਾਲ ਬੱਚੇ ਜੁੜ ਕੇ ਅਜਿਹੇ ਮਾਣਮੱਤੇ ਇਤਿਹਾਸ ਤੋ ਵਿਰਲੇ ਹੋ ਗਏ ਹਨ ਸਭ ਨੂੰ ਰੱਲਮਿਲ ਹੰਭਲਾ ਮਾਰ ਕੇ ਇਸ ਮਹੀਨੇ ਸਰਦ ਰੁੱਤ ਵਿਚ ਵਾਪਰੇ ਇਤਿਹਾਸਕ ਦੁਖਾਂਤ ਬਾਰੇ ਹਰ ਘਰ ਵਿੱਚ ਗੁਰਮਤਿ ਵਿਚਾਰ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਘੋੜਸਵਾਰੀ, ਨੇਜਾਬਾਜ਼ੀ, ਤੀਰਕਮਾਨ, ਸ਼ਸਤਰ ਅਤੇ ਸ਼ਾਸਤਰ ਵਿਦਿਆ ਲੈਣੀ ਚਾਹੀਦੀ ਹੈ ਅਤੇ ਚੋਲਾ ਤੇ ਦੁਮਾਲਾ ਧਾਰਨ ਕਰਨਾ ਚਾਹੀਦਾ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ 21 ਤੋਂ 23 ਦਸੰਬਰ ਨੂੰ ਗੁਰਦੁਆਰਾ ਰਣਜੀਤ ਗੜ੍ਹ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਚਮਕੌਰ ਸਾਹਿਬ ਵਿਖੇ ਅਰੰਭ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ ਲੰਗਰ ਵੀ ਅਤੁੱਟ ਵਰਤਨਗੇ, 23 ਦਸੰਬਰ ਨੂੰ ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਿਆ ਜਾਵੇਗਾ। ਉਨ੍ਹਾਂ ਹੋਰ ਕਿਹਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਲਾ-ਮਿਸਾਲ ਹਨ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਮਿਸਾਲ ਦੁਨੀਆਂ ‘ਚ ਕਿਧਰੇ ਹੋਰ ਨਹੀਂ ਮਿਲਦੀ।ਇਸ ਲਈ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੀ ਇਤਿਹਾਸਕ ਮਹੱਤਤਾ, ਪ੍ਰਸੰਗਤਾਂ ਨੂੰ ਸਮਝਦਿਆਂ ਇਨ੍ਹਾਂ ਸਭਾਵਾਂ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਆਪਸੀ ਦੂਸ਼ਣਬਾਜ਼ੀਆਂ ਦਾ ਪ੍ਰਦੂਸ਼ਨ ਪੈਦਾ ਨਾ ਕਰਨ ਸਗੋਂ ਸਿਆਸੀ ਕਾਨਫਰੰਸਾਂ ਤੋਂ ਦੂਰ ਰਹਿ ਕੇ ਸਾਹਿਬਜ਼ਾਦਿਆਂ ਨੂੰ ਸੰਗਤੀ ਰੂਪ ਵਿੱਚ ਗੁਰਮਤਿ ਸਮਾਗਮਾਂ ਰਾਹੀਂ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਚਾਹੀਦਾ ਹੈ।