October 14, 2021-ਡੈਨਮਾਰਕ, 14 ਅਕਤੂਬਰ – ਨਾਰਵੇ ਦੇ ਇੱਕ ਸ਼ਹਿਰ ਵਿੱਚ ਇੱਕ ਸਿਰਫਿਰੇ ਵਿਅਕਤੀ ਨੇ ਦੁਕਾਨਦਾਰਾਂ ਤੇ ਤੀਰ-ਕਮਾਨ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕਾਂਗਸਬਰਗ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਹਮਲਾਵਰ ਦਾ ਆਹਮਣਾ-ਸਾਹਮਣਾ ਹੋਇਆ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਹਮਲੇ ਵਿੱਚ 2 ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਇੱਕ ਪੁਲੀਸ ਕਰਮੀ ਵੀ ਹੈ, ਜਿਸ ਦੀ ਡਿਊਟੀ ਖ਼ਤਮ ਹੋ ਚੁੱਕੀ ਸੀ ਅਤੇ ਉਹ ਉਨ੍ਹਾਂ ਦੁਕਾਨਾਂ ਵਿੱਚੋਂ ਇੱਕ ਦੇ ਅੰਦਰ ਸੀ, ਜਿਨ੍ਹਾਂ ਤੇ ਹਮਲਾ ਹੋਇਆ।
ਪੁਲਸ ਮੁਖੀ ਆਯਵਿੰਗ ਆਸ ਨੇ ਕਿਹਾ ਕਿ ਪੁਲੀਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਸੂਚਨਾ ਮਿਲੀ ਹੈ ਉਸ ਮੁਤਾਬਕ ਇਸ ਹਮਲੇ ਵਿੱਚ ਸਿਰਫ਼ ਇੱਕ ਹੀ ਵਿਅਕਤੀ ਸ਼ਾਮਲ ਸੀ।
ਦੇਸ਼ ਦੀ ਕਾਰਜਕਾਰੀ ਪ੍ਰਧਾਨ ਮੰਤਰੀ ਇਰਨਾ ਸੋਲਬਰਗ ਨੇ ਇਸ ਨੂੰ ਭਿਆਨਕ ਹਮਲਾ ਦੱਸਿਆ ਅਤੇ ਕਿਹਾ ਕਿ ਹਮਲੇ ਦੇ ਪਿੱਛੇ ਦੇ ਇਰਾਦੇ ਦਾ ਅੰਦਾਜ਼ਾ ਲਗਾਉਣਾ ਜ਼ਲਦਬਾਜ਼ੀ ਹੋਵੇਗਾ।