ਚੇਨਈ, 18 ਦਸੰਬਰ- ਤਾਮਿਲਨਾਡੂ ਸਰਕਾਰ ਨੇ ਭਾਰੀ ਮੀਂਹ ਕਾਰਨ ਅੱਜ ਤਿਰੂਨੇਲਵੇਲੀ, ਥੂਥੁਕੁਡੀ, ਕੰਨਿਆਕੁਮਾਰੀ ਅਤੇ ਟੇਨਕਸੀ ਜ਼ਿਲ੍ਹਿਆਂ ਵਿਚ ਸਾਰੇ ਸਕੂਲਾਂ, ਕਾਲਜਾਂ, ਨਿੱਜੀ ਸੰਸਥਾਵਾਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤਾਮਿਲਨਾਡੂ, ਕੇਰਲ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਕੰਨਿਆਕੁਮਾਰੀ, ਤਿਰੂਨੇਲਵੇਲੀ ਅਤੇ ਥੂਥੂਕੁਡੀ ਵਿਚ ਇਕ ਜਾਂ ਦੋ ਥਾਵਾਂ ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਥੂਥੁਕੁਡੀ ਜ਼ਿਲ੍ਹੇ ਵਿਚ ਰਾਤ ਨੂੰ ਮੀਂਹ ਪੈਦਾ ਰਿਹਾ ਅਤੇ ਕੋਵਿਲਪੱਟੀ ਖੇਤਰ ਵਿੱਚ 40 ਝੀਲਾਂ ਪੂਰੀ ਤਰ੍ਹਾਂ ਭਰ ਗਈਆਂ ਹਨ। ਭਾਰੀ ਮੀਂਹ ਕਾਰਨ ਥੂਥੂਕੁੜੀ ਵਿੱਚ ਪਾਣੀ ਭਰ ਗਿਆ।
ਥੂਥੂਕੁੜੀ ਜ਼ਿਲ੍ਹੇ ਵਿਚ ਬੀਤੀ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਕੋਵਿਲਪੱਟੀ, ਏਟਾਯਾਪੁਰਮ, ਵਿਲਾਥੀਕੁਲਮ, ਕਾਲੂਗੁਮਲਾਈ, ਕਯਾਥਰ, ਕਦੰਬੁਰ, ਵੇਂਬਰ, ਸੁਰਾਂਗੁੜੀ ਅਤੇ ਹੋਰ ਖੇਤਰ ਪ੍ਰਭਾਵਿਤ ਹੋਏ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਕੋਵਿਲਪੱਟੀ ਦੇ ਆਲੇ-ਦੁਆਲੇ ਨਦੀਆਂ ਅਤੇ ਝੀਲਾਂ ਪੂਰੀ ਸਮਰੱਥਾ ਤੇ ਪਹੁੰਚ ਗਈਆਂ ਹਨ, ਜਿਸ ਕਾਰਨ ਓਵਰਫਲੋਅ ਅਤੇ ਸੰਭਾਵਿਤ ਖ਼ਤਰੇ ਪੈਦਾ ਹੋ ਗਏ ਹਨ।
ਮੌਸਮ ਵਿਭਾਗ ਅਨੁਸਾਰ 19 ਦਸੰਬਰ ਨੂੰ ਇਕ-ਦੋ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 19 ਦਸੰਬਰ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿਚ ਇਕ ਜਾਂ ਦੋ ਥਾਵਾਂ ਤੇ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।