ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਲੌਕਡਾਊਨ 3.0 ਦੇ ਆਖਰੀ ਦਿਨ ਕਿਹਾ ਕਿ ਸਾਡੀ ਮਜ਼ਬੂਤ ਅਗਵਾਈ ਵਿੱਚ ਹਮਲਾਵਰ ਅਤੇ ਸਮੇਂ ਰਹਿੰਦੇ ਉਪਾਵਾਂ ਦੇ ਨਾਲ ਸਾਡੀ ਨੀਤੀਗਤ ਦ੍ਰਿੜ੍ਹਤਾ ਨੇ ਉਤਸ਼ਾਹਜਨਕ ਨਤੀਜੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 14 ਦਿਨਾਂ ਵਿੱਚ ਮਾਮਲਿਆਂ ਦੇ ਦੁੱਗਣਾ ਹੋਣ ਦੀ ਰਫ਼ਤਾਰ ਜਿੱਥੇ 11.5 ਸੀ, ਉੱਥੇ ਹੀ ਪਿਛਲੇ ਤਿੰਨ ਦਿਨਾਂ ਵਿੱਚ ਇਹ ਦਰ ਵਧ ਕੇ 13.6 ਹੋ ਗਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੌਤ ਦਰ ਘਟ ਕੇ 3.1 % ਹੋ ਗਈ ਅਤੇ ਰਿਕਵਰੀ ਦੀ ਦਰ ਵਧ ਕੇ 37.5 % ਹੋ ਗਈ ਹੈ। ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ (ਕੱਲ੍ਹ ਤੱਕ ਦੇ ਅੰਕੜਿਆਂ ਅਨੁਸਾਰ) ਕੋਵਿਡ – 19 ਦੇ ਰੋਗੀਆਂ ਦੀ ਸੰਖਿਆ ਆਈਸੀਯੂ ਵਿੱਚ 3.1 %, ਵੈਂਟੀਲੇਟਰਾਂ ’ਤੇ 0.45 % ਅਤੇ ਆਕਸੀਜਨ ਸਹਾਇਤਾ ਉੱਤੇ 2.7 % ਹੈ।
ਡਾ. ਹਰਸ਼ ਵਰਧਨ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਅੱਜ 17 ਮਈ 2020 ਤੱਕ ਕੁੱਲ 90,927 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 34,109 ਵਿਅਕਤੀ ਠੀਕ ਹੋਏ ਅਤੇ 2,872 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ, 4,987 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਡਾ. ਹਰਸ਼ ਵਰਧਨ ਨੇ ਜੋਰ ਦਿੰਦੇ ਹੋਏ ਕਿਹਾ ਕਿ 373 ਸਰਕਾਰੀ ਅਤੇ 152 ਨਿਜੀ ਪ੍ਰਯੋਗਸ਼ਾਲਾਵਾਂ ਰਾਹੀਂ ਦੇਸ਼ ਵਿੱਚ ਟੈਸਟ ਕਰਨ ਦੀ ਸਮਰੱਥਾ ਵਧ ਕੇ ਪ੍ਰਤੀ ਦਿਨ ਇੱਕ ਲੱਖ ਟੈਸਟਾਂ ਤੱਕ ਪਹੁੰਚ ਗਈ ਹੈ। ਹੁਣ ਤੱਕ ਕੋਵਿਡ – 19 ਦੇ ਲਈ ਕੁੱਲ 22,79,324 ਟੈਸਟ ਕੀਤੇ ਜਾ ਚੁੱਕੇ ਹਨ, ਜਦੋਂ ਕਿ 90,094 ਨਮੂਨਿਆਂ ਦੀ ਜਾਂਚ ਕੱਲ੍ਹ ਹੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਅੱਠ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ – 19 ਦੇ ਕਿਸੇ ਮਾਮਲੇ ਦੀ ਰਿਪੋਰਟ ਨਹੀਂ ਕੀਤੀ ਗਈ ਹੈ। ਜਿਨ੍ਹਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਅਰੁਣਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ, ਚੰਡੀਗੜ੍ਹ, ਲੱਦਾਖ, ਮੇਘਾਲਿਆ, ਮਿਜ਼ੋਰਮ ਅਤੇ ਪੁਦੂਚੇਰੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਦਮਨ ਅਤੇ ਦੀਊ, ਸਿੱਕਮ, ਨਾਗਾਲੈਂਡ ਅਤੇ ਲਕਸ਼ਦੀਪ ਵਿੱਚ ਹੁਣ ਤੱਕ ਕਰੋਨਾ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।
ਡਾ. ਹਰਸ਼ ਵਰਧਨ ਨੇ ਭਾਰਤ ਵਿੱਚ ਕੋਵਿਡ – 19 ਦੀ ਰੋਕਥਾਮ ਅਤੇ ਉਸ ਉੱਤੇ ਕਾਬੂ ਦੇ ਲਈ ਵਿਕਸਿਤ ਕੀਤੇ ਗਏ ਸਿਹਤ ਬੁਨਿਆਦੀ ਢਾਂਚੇ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਕੋਵਿਡ – 19 ਨਾਲ ਨਿਪਟਣ ਦੇ ਲਈ ਹੁਣ 1,80,473 ਬੈੱਡ (ਅਲੱਗ ਬੈੱਡ – 1,61,169 ਅਤੇ ਆਈਸੀਯੂ ਬੈੱਡ – 19,304) ਵਾਲੇ 916 ਸਮਰਪਿਤ ਕੋਵਿਡ ਹਸਪਤਾਲ ਅਤੇ 1,28,304 ਬੈੱਡ, ਅਲੱਗ ਬੈੱਡ – 1,17,775 ਅਤੇ ਆਈਸੀਯੂ ਬੈੱਡ – 10,529) ਵਾਲੇ ਸਮਰਪਿਤ ਕੋਵਿਡ ਹੈਲਥ ਸੈਂਟਰ ਹਨ। ਇਸ ਤੋਂ ਇਲਾਵਾ 9,536 ਕੁਆਰੰਟੀਨ ਕੇਂਦਰ ਅਤੇ 5,64632 ਬੈੱਡ ਵਾਲੇ 6309 ਕੋਵਿਡ ਦੇਖਭਾਲ਼ ਕੇਂਦਰ ਉਪਲਬਧ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਵਾਂ ਨੂੰ 90.22 ਲੱਖ ਐੱਨ95 ਮਾਸਕ ਅਤੇ 53.98 ਲੱਖ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਉਪਲਬਧ ਕਰਵਾਏ ਹਨ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਜਦੋਂ ਭਾਰਤ ਵਿੱਚ ਹਾਲਤ ਸਾਧਾਰਣ ਹੋ ਜਾਣਗੇ ਤਾਂ ਵੀ ਸਾਬਣ ਨਾਲ ਲਗਾਤਾਰ ਘੱਟੋ-ਘੱਟ ਵੀਹ ਸੈਕਿੰਡ ਤੱਕ ਹੱਥਾਂ ਦੀ ਸਫਾਈ ਕਰਨਾ ਜਾਂ ਅਲਕੋਹਲ ਅਧਾਰਿਤ ਸੈਨੀਟਾਈਜ਼ਰ ਲਗਾਉਣਾ, ਜਨਤਕ ਜਗ੍ਹਾਵਾਂ ’ਤੇ ਨਾ ਥੁੱਕਣਾ, ਕੰਮ ਵਾਲੀਆਂ ਜਗ੍ਹਾਵਾਂ ਨੂੰ ਸੈਨੀਟਾਈਜ਼ ਕਰਨਾ, ਜਨਤਕ ਜਗ੍ਹਾਵਾਂ ’ਤੇ ਆਪਣੇ ਨਾਲ-ਨਾਲ ਦੂਜਿਆਂ ਦੀ ਸੁਰੱਖਿਆ ਦੇ ਲਈ ਹਮੇਸ਼ਾ ਚਿਹਰੇ ਨੂੰ ਢਕ ਕੇ ਰੱਖਣ ਦੇ ਲਈ ਫੇਸ ਕਵਰ ਦਾ ਇਸਤੇਮਾਲ ਕਰਨਾ, ਆਮ ਸੋਸ਼ਲ ਸਿਹਤ ਨੂੰ ਸੁਨਿਸ਼ਚਿਤ ਰੱਖਣ ਜਿਹੇ ਆਮ ਸਿਹਤ ਉਪਾਵਾਂ ’ਤੇ ਧਿਆਨ ਦੇਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰਕ ਦੂਰੀ ਬਣਾਈ ਰੱਖਣਾ ਸਾਡੇ ਲਈ ਸਭ ਤੋਂ ਸ਼ਕਤੀਸ਼ਾਲੀ ਸਮਾਜਿਕ ਟੀਕਾ ਹੈ ਅਤੇ ਇਸ ਲਈ ਦੂਜਿਆਂ ਨਾਲ ਗੱਲਬਾਤ ਕਰਦੇ ਹੋਏ ‘ਦੋ ਗਜ਼ ਦੀ ਦੂਰੀ’ ਬਣਾਈ ਰੱਖਣ ਅਤੇ ਵਰਚੂਅਲ ਇਕੱਠਾਂ ਦੇ ਵਿਕਲਪ ਨੂੰ ਤਰਜੀਹ ਦੇ ਕੇ ਸਮਾਜਿਕ ਇਕੱਠਾਂ ਤੋਂ ਖੁਦ ਨੂੰ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਬਹੁਤ ਜ਼ਰੂਰੀ ਹੋਵੇ ਉਦੋਂ ਹੀ ਘਰ ਤੋਂ ਬਾਹਰ ਯਾਤਰਾ ’ਤੇ ਨਿਕਲਣਾ ਅਤੇ ਲਾਗ ਤੋਂ ਬਚਣ ਦੇ ਲਈ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੂਰੀ ਸਾਵਧਾਨੀ ਨਾਲ ਸਾਫ਼ ਸਫਾਈ ਦੇ ਨਾਲ ਭੋਜਨ ਤਿਆਰ ਕਰਨ ਨਾਲ ਕੋਵਿਡ – 19 ਦੇ ਪਸਾਰ ਨੂੰ ਰੋਕਣ ਵਿੱਚ ਸਹਾਇਤਾ ਮਿਲ ਸਕਦੀ ਹੈ। ਭਾਰਤ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ ਨੇ ਕੁਝ ਸਧਾਰਣ ਕਦਮਾਂ ਦੀ ਸਲਾਹ ਦਿੱਤੀ ਹੈ ਜਿਨ੍ਹਾਂ ਦੀ ਪਾਲਣਾ ਕੋਵਿਡ – 19 ਦੌਰਾਨ ਭੋਜਨ -ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਸਕਦੀ ਹੈ ਜਿਵੇਂ ਕੱਚੇ ਫਲ ਅਤੇ ਸਬਜ਼ੀਆਂ ਨੂੰ ਸਾਫ਼ ਪੀਣ ਯੋਗ ਪਾਣੀ ਵਿੱਚ ਧੋਣਾ, ਮਾਸ ਨੂੰ ਪੂਰੀ ਤਰ੍ਹਾਂ ਪਕਾਉਣਾ, ਕੱਚੇ ਮੀਟ ਅਤੇ ਪਕਾਏ ਹੋਏ ਖਾਣੇ ਲਈ ਵੱਖੋ-ਵੱਖ ਕੱਟਣ ਵਾਲੇ ਬੋਰਡਾਂ ਅਤੇ ਚਾਕੂ ਦੀ ਵਰਤੋਂ, ਖਾਣੇ ਦੇ ਬਰਤਨ, ਪਾਣੀ ਦੀਆਂ ਬੋਤਲਾਂ ਜਾਂ ਕੱਪਾਂ ਨੂੰ ਸਾਂਝਾ ਕਰਨ ਤੋਂ ਗੁਰੇਜ਼ ਅਤੇ ਐਂਟੀਬੈਕਟੀਰੀਅਲ ਬਲੀਚ ਨਾਲ ਟੇਬਲ ਵਰਗੀ ਸਤਹ ਦੀ ਸਫਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕੇਂਦਰੀ ਸਿਹਤ ਮੰਤਰੀ ਨੇ ਇਸ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਹਰ ਰੋਜ਼ ਬਿਨਾ ਕਿਸੇ ਸਵਾਰਥ ਦੇ ਸੇਵਾ ਵਿੱਚ ਲੱਗੇ ਕੋਰੋਨਾ ਜੋਧਿਆਂ ਜਿਵੇਂ ਕਿ ਫਰੰਟਲਾਈਨ ਹੈਲਥ ਵਰਕਰਾਂ – ਡਾਕਟਰਾਂ, ਨਰਸਾਂ, ਏਐੱਨਐੱਮ, ਆਂਗਨਵਾੜੀ ਵਰਕਰਾਂ ਦੇ ਨਾਲ-ਨਾਲ ਰੋਗ ਪਹਿਚਾਨਣ ਵਾਲੇ ਪੈਥੋਲੋਜਿਸਟ, ਲੈਬ ਟੈਕਨੀਸ਼ੀਅਨਾਂ ਅਤੇ ਵਿਗਿਆਨੀਆਂ ਅਤੇ ਹੋਰ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਉਹ ਦੇਸ਼ ਵਾਸੀਆਂ ਦੀ ਜਾਨ ਬਚਾਉਣ ਲਈ ਆਪਣੇ ਕਰਤਵ ਦਾ ਪਾਲਣ ਕਰਦੇ ਹੋਏ ਜੋਖਿਮ ਭਰੀ ਹਾਲਤ ਵਿੱਚ ਦਿਨ-ਰਾਤ ਕੰਮ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਿਹਤ ਸੰਭਾਲ ਮੋਹਰੀ ਕਰਮਚਾਰੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ – 19 ਨਾਲ ਜੁੜੇ ਕਲੰਕ ਜਾਂ ਅਪਮਾਨ ਭਾਵ ਨੂੰ ਨਜਰਅੰਦਾਜ਼ ਕਰਕੇ ਸਾਨੂੰ ਲੋਕਾਂ ਨੂੰ ਇਸ ਗੱਲ ਦੇ ਲਈ ਉਤਸਾਹਿਤ ਕਰਨਾ ਚਾਹਿਦਾ ਹੈ ਕਿ ਉਹ ਸਮੇਂ ਰਹਿੰਦੇ ਕਰੋਨਾ ਦੇ ਲੱਛਣਾਂ ਬਾਰੇ ਰਿਪੋਰਟ ਦਰਜ ਕਰਵਾਉਣ। ਇਸ ਨਾਲ ਰੋਗ ਦੀ ਸਮੇਂ ਸਿਰ ਪਹਿਚਾਣ ਕਰਨ ਅਤੇ ਇਲਾਜ ਕਰਨ ਵਿੱਚ ਮਦਦ ਮਿਲੇਗੀ। ਇਸਦੇ ਨਾਲ ਹੀ ਰਿਕਵਰੀ ਦਰ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਨੇ ਨਿਗਰਾਨੀ ਵਿੱਚ ਲੱਗੇ ਅਧਿਕਾਰੀਆਂ ਦੇ ਸਮਰਪਣ ਅਤੇ ਗੰਭੀਰਤਾ ਦੀ ਵੀ ਸ਼ਲਾਘਾ ਕੀਤੀ ਅਤੇ ਆਮ ਲੋਕਾਂ ਦੇ ਨਾਲ ਮਿਲ ਕੇ ਕੋਰੋਨਾ ਨਾਲ ਜੰਗ ਨੂੰ ਜਾਰੀ ਰੱਖਣ ਦੇ ਲਈ ਪ੍ਰੋਤਸ਼ਾਹਿਤ ਕੀਤਾ।
ਡਾ: ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਇਹ ਲੜਾਈ ਸਿਰਫ਼ ਦੇਸ਼ ਦੇ ਹਰ ਵਿਅਕਤੀ ਦੇ ਸਹਿਯੋਗ ਨਾਲ ਜਿੱਤੀ ਜਾ ਸਕਦੀ ਹੈ। ਇਸ ਲਈ ਉਨ੍ਹਾਂ ਨੇ ਆਰੋਗਯ ਸੇਤੂ ਐਪ ਨੂੰ ਡਾਊਨਲੋਡ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਜਿਹੜੀ ਸਵੈ-ਮੁਲਾਂਕਣ ਕਰਨ ਅਤੇ ਕੋਵਿਡ – 19 ਦੇ ਕਿਰਿਆਸ਼ੀਲ ਮਾਮਲਿਆਂ ’ਤੇ ਨਿਗਰਾਨੀ ਕਰਨ ਵਿੱਚ ਸਹਾਇਤਾ ਕਰੇਗੀ।
ਇਸ ਤੋਂ ਇਲਾਵਾ, ਉਨ੍ਹਾਂ ਨੇ ਕੋਵਿਡ – 19 ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ, ਅਫ਼ਵਾਹਾਂ ਅਤੇ ਬੇਬੁਨਿਆਦ ਦਾਅਵਿਆਂ ਦਾ ਸ਼ਿਕਾਰ ਨਾ ਹੋਣ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਆਈਸੀਐੱਮਆਰ, ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਅਤੇ ਪੱਤਰ ਸੂਚਨਾ ਦਫ਼ਤਰ ਦੀਆਂ ਵੈੱਬਸਾਈਟਾਂ ਅਤੇ ਟਵਿੱਟਰ ਹੈਂਡਲਰਾਂ ’ਤੇ ਉਪਲਬਧ ਪ੍ਰਮਾਣਿਕ ਜਾਣਕਾਰੀ ਲੈਣ ਦੀ ਸਲਾਹ ਦਿੱਤੀ।