ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਜਨਾਲਾ ਨੇੜਲੇ ਪਿੰਡ ਚੱਕ ਕਮਾਲ ਖਾਂ ਵਿਖੇ ਬਿਜਲੀ ਦੇ ਸਰਕਟ ਸ਼ਾਰਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਣ ਭੇਟ ਹੋਣ ਨੂੰ ਦੁਖਦਾਈ ਦੱਸਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿਖੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਵਾਪਰਨਾ ਅਫ਼ਸੋਸਨਾਕ ਹੈ। ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਬਿਜਲੀ ਉਪਕਰਨਾਂ ਦਾ ਮੁਆਇਨਾਂ ਸਮੇਂ-ਸਮੇਂ ਕਰਵਾਉਂਦੀਆਂ ਰਹਿਣ ਤਾਂ ਜੋ ਗੁਰਦੁਆਰਾ ਸਾਹਿਬਾਨ ਅੰਦਰ ਸ਼ਾਰਟ ਸਰਕਟ ਕਾਰਨ ਅੱਗ ਲਗਣ ਤੋਂ ਬਚਾਅ ਰਹੇ।ਬੀਬੀ ਜਗੀਰ ਕੌਰ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਰਧਾ ਵੱਸ ਬਿਜਲੀ ਲੜੀਆਂ ਆਦਿ ਲਗਾਉਣ ਤੋਂ ਗੁਰੇਜ਼ ਕਰਨ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਏ.ਸੀ. ਪੱਖੇ ਆਦਿ ਬਿਜਲੀ ਦੇ ਉਪਕਰਨ ਕਿਸੇ ਸੇਵਾਦਾਰ ਦੀ ਹਾਜ਼ਰੀ ਵਿਚ ਹੀ ਚੱਲਦੇ ਰੱਖੇ ਜਾਣ। ਰਾਤ ਸਮੇਂ ਬਿਜਲੀ ਦਾ ਮੁੱਖ ਸਵਿੱਚ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ। ਪਰੰਤੂ ਫਿਰ ਵੀ ਪ੍ਰਬੰਧਕੀ ਅਣਗਹਿਲੀ ਕਾਰਨ ਦੁਖਦਾਈ ਮਾਮਲੇ ਸਾਹਮਣੇ ਆ ਰਹੇ ਹਨ। ਬੀਬੀ ਜਗੀਰ ਕੌਰ ਨੇ ਪ੍ਰਚਾਰਕ ਵਰਗ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਚਾਰ ਦੌਰਾਨ ਸੰਗਤ ਅਤੇ ਪ੍ਰਬੰਧਕਾਂ ਨੂੰ ਸੁਚੇਤ ਕਰਦੇ ਰਹਿਣ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਰਿਆਣਾ ਅੰਦਰ ਜਿਲ੍ਹਾ ਫਤਿਆਬਾਦ ਦੇ ਪਿੰਡ ਐਹਲੀ ਸਦਰ ਵਿਖੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ’ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸ਼ਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕਰਨ ਦੀ ਹਿੰਮਤ ਨਾ ਕਰੇ।