ਖੰਨਾ, 22 ਨਵੰਬਰ 2023 : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਸਵੇਰੇ ਖੰਨਾ ‘ਚ ਰੇਡ ਮਾਰੀ। ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਗਿਆ।
ਐਨਆਈਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿਖੇ ਸੀਆਰ ਕੰਗ ਦੇ ਘਰ ਪਹੁੰਚੀ। ਉਥੇ ਕਰੀਬ 3 ਘੰਟੇ ਤੱਕ ਲੰਬੀ ਜਾਂਚ ਚੱਲਦੀ ਰਹੀ। ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਸੀਆਰ ਨੂੰ ਨਾਲ ਲੈਕੇ ਜੀਟੀ ਰੋਡ ਭੱਟੀਆਂ ਸਥਿਤ ਉਹਨਾਂ ਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ NIA ਦੀ ਟੀਮ ਰਵਾਨਾ ਹੋ ਗਈ। NIA ਦੇ ਛਾਪੇ ਤੋਂ ਬਾਅਦ ਸੀਆਰ ਕੰਗ ਖੁਦ ਮੀਡੀਆ ਦੇ ਸਾਹਮਣੇ ਆਏ। ਸੀਆਰ ਕੰਗ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਏ। ਜਿਸਤੋਂ ਬਾਅਦ NIA ਦੀ ਟੀਮ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ‘ਚ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਹ ਸਬੂਤ ਲੈ ਕੇ ਜਾਂਚ ‘ਚ ਸ਼ਾਮਲ ਹੋਣਗੇ।