ਗੁਰਦਾਸਪੁਰ 22 ਨਵੰਬਰ 2023 : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਬੁੱਲੇਵਾਲ ਵਿੱਚ ਬਲਜੀਤ ਸਿੰਘ ਨਾਮਕ ਵਿਅਕਤੀ ਦੇ ਘਰ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਦੀਪ ਸਿੱਧੂ ਫਾਊਂਡੇਸ਼ਨ ਤਹਿਤ ਸਮਾਜ ਸੇਵੀ ਕੰਮ ਕਰ ਰਿਹਾ ਹੈ। NIA ਨੂੰ ਸ਼ੱਕ ਸੀ ਕਿ ਉਹ ਅਮਰੀਕਾ ਵਿੱਚ ਰਹਿ ਕੇ ਦੇਸ਼ ਵਿਰੋਧੀ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਹੈ ਜਿਸ ਕਾਰਨ ਬੁੱਲੇਵਾਲ ਸਥਿਤ ਉਸ ਦੇ ਘਰ ‘ਤੇ ਛਾਪਾ ਮਾਰਿਆ ਗਿਆ। ਛਾਪੇਮਾਰੀ ਸਵੇਰੇ 6:00 ਵਜੇ ਤੋਂ ਸਵੇਰੇ 11:00 ਵਜੇ ਤੱਕ ਜਾਰੀ ਰਹੀ ਅਤੇ ਇਸ ਬਾਰੇ ਮੀਡੀਆ ਨੂੰ ਕੋਈ ਜਾਣਕਾਰੀ ਜਾਂ ਐਨਆਈਏ ਟੀਮ ਜਾਂ ਪੁਲਿਸ ਦੁਆਰਾ ਸਾਂਝੀ ਨਹੀਂ ਕੀਤੀ ਗਈ।
ਬਲਜੀਤ ਸਿੰਘ ਦੇ ਪਿਤਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬਲਜੀਤ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਦੀਪ ਸਿੱਧੂ ਫਾਊਂਡੇਸ਼ਨ ਤਹਿਤ ਲੜਕੀਆਂ ਦੇ ਵਿਆਹ ਅਤੇ ਹੋਰ ਸਮਾਜ ਸੇਵੀ ਕੰਮਾਂ ਵਿੱਚ ਲੱਗਾ ਹੋਇਆ ਹੈ। ਅੱਜ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਐਨਆਈਏ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਸਵੇਰੇ 6 ਵਜੇ ਉਸ ਦੇ ਘਰ ਛਾਪਾ ਮਾਰਿਆ ਪਰ ਇਸ ਦੌਰਾਨ ਟੀਮ ਨੂੰ ਕੋਈ ਵੀ ਇਤਰਾਜ਼ਯੋਗ ਸਮੱਗਰੀ ਜਾਂ ਵਸਤੂ ਨਹੀਂ ਮਿਲੀ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਐਨਆਈਏ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਬਲਜੀਤ ਸਿੰਘ ਜੋ ਅਮਰੀਕਾ ਵਿੱਚ ਰਹਿੰਦਾ ਹੈ, ਉਹ ਖਾਲਿਸਤਾਨੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੈ।