ਯਰੂਸ਼ਲਮ, 1 ਨਵੰਬਰ – ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜੰਗ ਜਾਰੀ ਹੈ। ਯੁੱਧ ਦੇ 26ਵੇਂ ਦਿਨ ਬੀਤੇ ਦਿਨ ਇਜ਼ਰਾਈਲੀ ਫੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਜਬਲੀਆ ਸ਼ਰਨਾਰਥੀ ਕੈਂਪ ਤੇ ਹਮਲਾ ਕੀਤਾ, ਜਿਸ ਵਿਚ ਹਮਾਸ ਦੇ ਇਕ ਸੀਨੀਅਰ ਕਮਾਂਡਰ ਇਬਰਾਹਿਮ ਬਿਆਰੀ ਸਮੇਤ 50 ਲੜਾਕੇ ਮਾਰੇ ਗਏ ਸਨ। ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਜਬਾਲੀਆ ਸ਼ਰਨਾਰਥੀ ਕੈਂਪ ਲਗਭਗ 1.4 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ।
ਇਜ਼ਰਾਇਲੀ ਫੌਜ ਦੇ ਹਮਲੇ ਵਿੱਚ ਕਰੀਬ 50 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ 150 ਤੋਂ ਜ਼ਿਆਦਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਇਜ਼ਰਾਈਲ ਨੇ ਅੱਜ ਜਾਣਕਾਰੀ ਦਿੱਤੀ ਕਿ ਅਸੀਂ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦਾ ਬਦਲਾ ਲਿਆ ਹੈ। ਇਜ਼ਰਾਇਲੀ ਫੌਜ ਨੇ ਕਈ ਹਫਤਿਆਂ ਤੱਕ ਗਾਜ਼ਾ ਤੇ ਹਵਾਈ ਬੰਬਾਰੀ ਕੀਤੀ, ਜਿਸ ਵਿੱਚ ਹੁਣ ਤੱਕ ਸਾਡੇ 9 ਜਵਾਨ ਸ਼ਹੀਦ ਹੋ ਚੁੱਕੇ ਹਨ।
ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਇੱਕ ਬਿਆਨ ਵਿਚ ਕਿਹਾ ਕਿ ਗਾਜ਼ਾ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਜਬਲੀਆ ਉੱਤੇ ਲੜਾਕੂ ਜਹਾਜ਼ਾਂ ਦੇ ਹਮਲੇ ਵਿਚ ਹਮਾਸ ਕਮਾਂਡਰ ਇਬਰਾਹਿਮ ਬਿਆਰੀ ਮਾਰਿਆ ਗਿਆ ਹੈ। ਆਈਡੀਐਫ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੋਨਾਥਨ ਕੋਨਰਿਕਸ ਨੇ ਕਿਹਾ ਕਿ ਹਮਾਸ ਦੇ ਦਰਜਨਾਂ ਲੜਾਕੇ ਬਿਆਰੀ ਦੀ ਭੂਮੀਗਤ ਸੁਰੰਗ ਕੰਪਲੈਕਸ ਵਿਚ ਵਿੱਚ ਲੁਕੇ ਹੋਏ ਸਨ ਪਰ ਜਦੋਂ ਇਜ਼ਰਾਈਲੀ ਬਲਾਂ ਨੇ ਹਮਲਾ ਕੀਤਾ ਤਾਂ ਇਹ ਢਹਿ ਗਈ ਤੇ ਉਹ ਸਾਰੇ ਮਾਰੇ ਗਏ।
ਹਮਾਸ ਦੇ ਬੁਲਾਰੇ ਹਾਜ਼ਮ ਕਾਸਿਮ ਨੇ ਕੈਂਪ ਵਿਚ ਕਿਸੇ ਵੀ ਸੀਨੀਅਰ ਕਮਾਂਡਰ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਅਤੇ ਇਸ ਦਾਅਵੇ ਨੂੰ ਨਾਗਰਿਕਾਂ ਨੂੰ ਮਾਰਨ ਦਾ ਇਜ਼ਰਾਈਲੀ ਬਹਾਨਾ ਦੱਸਿਆ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 50 ਫਲਸਤੀਨੀ ਮਾਰੇ ਗਏ ਅਤੇ 150 ਤੋਂ ਵੱਧ ਨਾਗਰਿਕ ਜ਼ਖਮੀ ਹੋ ਗਏ। ਹਮਾਸ ਦੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਬਲੀਆ ਵਿਚ 400 ਵਿਅਕਤੀ ਮਾਰੇ ਗਏ ਅਤੇ ਜ਼ਖਮੀ ਹੋਏ, ਜਿੱਥੇ ਇਜ਼ਰਾਈਲ ਨਾਲ 1948 ਦੀਆਂ ਲੜਾਈਆਂ ਦੇ ਸ਼ਰਨਾਰਥੀਆਂ ਦੇ ਪਰਿਵਾਰ ਰਹਿੰਦੇ ਹਨ।