ਅਮਰਾਵਤੀ, 1 ਨਵੰਬਰ – ਤੇਲੁਗੂ ਦੇਸ਼ਮ ਪਾਰਟੀ ਮੁਖੀ ਐਨ. ਚੰਦਰਬਾਬੂ ਨਾਇਡੂ ਕੌਸ਼ਲ ਵਿਕਾਸ ਨਿਗਮ ਘਪਲਾ ਮਾਮਲੇ ਵਿੱਚ ਜ਼ਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਅੱਜ ਤੜਕੇ ਇੱਥੇ ਉਂਦਾਵੱਲੀ ਸਥਿਤੀ ਆਪਣੇ ਘਰ ਪਹੁੰਚੇ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਾਜਾਮਹੇਂਦਰਵਰਮ ਜੇਲ੍ਹ ਤੋਂ 13 ਘੰਟਿਆਂ ਦੀ ਲੰਬੀ ਯਾਤਰਾ ਤੋਂ ਬਾਅਦ ਸਵੇਰੇ ਲਗਭਗ 6 ਵਜੇ ਆਪਣੇ ਘਰ ਪਹੁੰਚੇ, ਜਿੱਥੇ ਪਰਿਵਾਰ ਦੇ ਮੈਂਬਰਾਂ ਅਤੇ ਪਾਰਟੀ ਸਮਰਥਕਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ।
ਚੰਦਰਬਾਬੂ ਨਾਇਡੂ ਨੇ ਬਾਅਦ ਵਿੱਚ ਪਤਨੀ ਐਨ. ਭੁਵਨੇਸ਼ਵਰੀ ਅਤੇ ਰਿਸ਼ਤੇਦਾਰਾਂ ਨਾਲ ਪ੍ਰਾਰਥਨਾ ਵਿੱਚ ਹਿੱਸਾ ਲਿਆ। ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਬੀਤੇ ਦਿਨ ਸਿਹਤ ਆਧਾਰ ਤੇ ਨਾਇਡੂ ਨੂੰ 4 ਹਫ਼ਤਿਆਂ ਦੀ ਮਿਆਦ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਨਾਇਡੂ ਦਾ ਕਾਫ਼ਿਲਾ ਬੀਤੀ ਸ਼ਾਮ ਕਰੀਬ 5 ਵਜੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਰਾਜਾਮਹੇਂਦਰਵਰਮ ਤੋਂ ਨਿਕਲਿਆ। ਗੁੰਟੂਰ ਜ਼ਿਲ੍ਹੇ ਦੇ ਉਂਦਾਵੱਲੀ ਦੇ ਰਸਤੇ ਵਿੱਚ ਉਨ੍ਹਾਂ ਦੇ ਸੈਂਕੜੇ ਸਮਰਥਕ ਸੜਕ ਦੇ ਕਿਨਾਰੇ ਇਕੱਠੇ ਹੋਏ ਸਨ। ਵੱਡੀ ਗਿਣਤੀ ਵਿੱਚ ਸਮਰਥਕਾਂ ਦੇ ਜੁਟੇ ਹੋਣ ਕਾਰਨ ਉਨ੍ਹਾਂ ਦੀ ਯਾਤਰਾ ਦੇ ਸ਼ੁਰੂਆਤੀ ਮਾਰਗ ਵਿੱਚ ਲਗਭਗ 5 ਕਿਲੋਮੀਟਰ ਤੱਕ ਜਾਮ ਰਿਹਾ। ਤੇਦੇਪਾ ਦੇ ਕਈ ਨੇਤਾ ਵੀ ਉਨ੍ਹਾਂ ਦੇ ਕਾਫ਼ਿਲੇ ਨਾਲ ਰਹੇ।