ਗੋਆ, 1 ਨਵੰਬਰ – ਗੋਆ ਵਿਖੇ 37 ਵੀਂਆਂ ਰਾਸ਼ਟਰੀ ਖੇਡਾਂ ਦਾ ਖਾਲਸਾਈ ਜਾਹੋ ਜਲਾਲ ਨਾਲ ਸ਼ਾਨਦਾਰ ਆਗਾਜ਼ ਹੋਇਆ ਹੈ ਅਤੇ ਰਾਸ਼ਟਰੀ ਖੇਡਾਂ ਵਿਚ ਪਹਿਲੀ ਵਾਰੀ ਸਿੱਖ ਮਾਰਸ਼ਲ ਆਰਟ ਦੀ ਖੇਡ ਗਤਕਾ ਨੂੰ ਖੇਡਿਆ ਗਿਆ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਅਤੇ ਗੋਆ ਦੇ ਖੇਡ ਮੰਤਰੀ ਸ਼੍ਰੀ ਗੋਵਿੰਦ ਗੌੜੇ ਨੇ ਕੀਤਾ। ਇਸ ਮੌਕੇ ਗੋਆ ਦੇ ਡੀਜੀਪੀ ਸਰਦਾਰ ਜਸਪਾਲ ਸਿੰਘ ਆਈਪੀਐਸ, ਜੀ.ਟੀ.ਸੀ.ਸੀ ਦੇ ਚੇਅਰਮੈਨ ਸ਼੍ਰੀ ਅਮਿਤਾਭ ਸ਼ਰਮਾ ਅਤੇ ਗੋਆ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਗੋਆ ਦੇ ਖੇਡ ਮੰਤਰੀ ਗੋਵਿੰਦ ਗੌੜੇ ਨੇ ਕਿਹਾ ਕਿ ਗਤਕਾ ਅਜਿਹੀ ਵਿਲੱਖਣ ਖੇਡ ਹੈ ਜਿਸ ਵਿੱਚ ਲੜਕੇ ਅਤੇ ਲੜਕੀਆਂ ਬਿਨ੍ਹਾਂ ਕਿਸੇ ਭੇਦ ਭਾਵ ਦੇ ਭਾਗ ਲੈਂਦੇ ਹਨ ਅਤੇ ਸਵੈ ਰੱਖਿਆ ਲਈ ਪ੍ਰੇਰਿਤ ਕੀਤੇ ਜਾਣ ਵਾਲੀ ਵਿਲੱਖਣ ਕਲਾ ਦੇ ਜੌਹਰ ਦਿਖਾਉਂਦੇ ਹਨ। ਗੋਆ ਦੇ ਡੀਜੀਪੀ ਸਰਦਾਰ ਜਸਪਾਲ ਸਿੰਘ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੁਆਰਾ ਬਖ਼ਸ਼ੀ ਹੋਈ ਇਸ ਵਿਰਾਸਤੀ ਖੇਡ ਨੂੰ ਰਾਸ਼ਟਰੀ ਪੱਧਰ ਤੇ ਇਨ੍ਹਾਂ ਮਾਨਤਾ ਪ੍ਰਾਪਤ ਹੋਈ ਹੈ।
ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਅਤੇ ਨੈਸ਼ਨਲ ਖੇਡਾਂ ਦੇ ਡਾਇਰੈਕਟਰ ਆਫ ਕੰਪੀਟੀਸ਼ਨ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਯਤਨਾਂ ਸਦਕਾ ਇਸ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਗਮ ਦੌਰਾਨ ਖਿਡਾਰੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਸਲਾਮੀ ਦਿੱਤੀ ਗਈ। ਪਹਿਲੇ ਦਿਨ ਦੀ ਖੇਡ ਵਿੱਚ ਲੜਕਿਆਂ ਤੇ ਲੜਕੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ। ਉਹਨਾਂ ਦੱਸਿਆ ਕਿ ਦੋ ਨਵੰਬਰ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ।
ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੋਆ ਦੇ ਪਜਿੰਮ ਸ਼ਹਿਰ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ 11 ਰਾਜਾਂ ਦੇ 176 ਖਿਡਾਰੀ ਭਾਗ ਲੈ ਰਹੇ ਹਨ। ਭਾਗ ਲੈਣ ਵਾਲੇ ਰਾਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਗੋਆ ਹਨ। ਇਨ੍ਹਾਂ ਮੁਕਾਬਲਿਆਂ ਵਿੱਚ 88 ਲੜਕੇ ਅਤੇ 88 ਲੜਕੀਆਂ ਸ਼ਾਮਿਲ ਹੋਣਗੀਆਂ। ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ 25 ਮੈਂਬਰਾਂ ਦੀ ਰੈਫਰੀ ਟੀਮ ਪਹਿਲਾਂ ਹੀ ਉਥੇ ਮੌਜੂਦ ਹੈ।