ਚੰਡੀਗੜ੍ਹ, 4 ਅਕਤੂਬਰ – ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ. ਡੀ ਰਹੇ ਭਰਤ ਇੰਦਰ ਸਿੰਘ ਚਹਿਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਚਹਿਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਵਲੋਂ ਚਹਿਲ ਖ਼ਿਲਾਫ ਆਦਮਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਐਫ. ਆਈ. ਆਰ. ਦਰਜ ਕੀਤੀ ਸੀ। ਇਸ ਦੌਰਾਨ ਕਈ ਵਾਰ ਵਿਜੀਲੈਂਸ ਨੇ ਸੰਮਨ ਭੇਜ ਕੇ ਭਰਤ ਇੰਦਰ ਸਿੰਘ ਚਹਿਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਆਖਿਆ ਸੀ ਪਰ ਇਸ ਦੇ ਬਾਵਜੂਦ ਵੀ ਉਹ ਜਾਂਚ ਵਿਚ ਸ਼ਾਮਲ ਨਹੀਂ ਹੋਏ।
ਭਰਤ ਇੰਦਰ ਸਿੰਘ ਚਹਿਲ ਦੇ ਘਰ 27 ਸਤੰਬਰ ਨੂੰ ਵਿਜੀਲੈਂਸ ਨੇ ਰੇਡ ਕੀਤੀ ਸੀ। ਵਿਜੀਲੈਂਸ ਵਿਭਾਗ ਦੀ ਟੀਮ ਭਰਤ ਇੰਦਰ ਸਿੰਘ ਚਹਿਲ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਤੇ ਪਹੁੰਚੀ ਸੀ ਪਰ ਅੱਗੋਂ ਚਹਿਲ ਦੇ ਘਰ ਦਾ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਗਿਆ।
ਜਿਸ ਕਾਰਣ ਵਿਜੀਲੈਂਸ ਦੀ ਟੀਮ ਨੂੰ ਬੇਰੰਗ ਪਰਤਣਾ ਪਿਆ। ਇਸ ਦੌਰਾਨ ਵਿਜੀਲੈਂਸ ਵਿਭਾਗ ਦੀ ਟੀਮ ਨੇ ਗੇਟ ਤੇ ਤਾਇਨਾਤ ਕੀਤੇ ਗਏ ਚੌਂਕੀਦਾਰ ਨੂੰ ਇਕ ਪੱਤਰ ਦੇ ਦਿੱਤਾ ਅਤੇ ਵਾਪਸ ਪਰਤ ਆਈ।