ਸਿੱਕਮ, 4 ਅਕਤੂਬਰ-ਉੱਤਰੀ ਸਿੱਕਮ ਵਿੱਚ ਲਹੋਨਾਕ ਝੀਲ ਉੱਤੇ ਬੱਦਲ ਫਟਣ ਕਾਰਨ ਲਾਚੇਨ ਘਾਟੀ ਵਿੱਚ ਤੀਸਤਾ ਨਦੀ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਬੀਤੀ ਰਾਤ ਕਰੀਬ 1 ਵਜੇ ਆਏ ਹੜ੍ਹ ਕਾਰਨ 2 ਵਿਅਕਤੀਆਂ ਤੀ ਮੌਤ ਹੋ ਗਈ ਅਤੇ ਫੌਜ ਦੇ 23 ਜਵਾਨ ਰੁੜ ਗਏ। ਉਨ੍ਹਾਂ ਦੀ ਭਾਲ ਲਈ ਬਚਾਅ ਮੁਹਿੰਮ ਜਾਰੀ ਹੈ। ਕੁਝ ਫੌਜੀ ਅਦਾਰੇ ਅਚਾਨਕ ਹੜ੍ਹ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫੌਜ ਦੀਆਂ ਕਈ ਗੱਡੀਆਂ ਪਾਣੀ ਵਿੱਚ ਡੁੱਬ ਗਈਆਂ। ਇਸ ਘਟਨਾ ਬਾਰੇ ਰੱਖਿਆ ਪੀ ਆਰ ਓ ਗੁਹਾਟੀ ਨੇ ਇੱਕ ਬਿਆਨ ਜਾਰੀ ਕੀਤਾ ਹੈ।
ਰੱਖਿਆ ਲੋਕ ਸੰਪਰਕ ਅਧਿਕਾਰੀ ਅਨੁਸਾਰ ਉੱਤਰੀ ਸਿੱਕਮ ਵਿੱਚ ਲੋਨਾਕ ਝੀਲ ਉੱਤੇ ਅਚਾਨਕ ਬੱਦਲ ਫਟਣ ਕਾਰਨ ਲਾਚੇਨ ਘਾਟੀ ਵਿੱਚ ਤੀਸਤਾ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ। ਘਾਟੀ ਵਿੱਚ ਕੁਝ ਫੌਜੀ ਸਥਾਪਨਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਵੇਰਵਿਆਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੁੰਗਥਾਂਗ ਡੈਮ ਤੋਂ ਪਾਣੀ ਛੱਡਣ ਕਾਰਨ ਹੇਠਾਂ ਵੱਲ ਪਾਣੀ ਦਾ ਪੱਧਰ ਅਚਾਨਕ 15-20 ਫੁੱਟ ਉੱਚਾ ਹੋ ਗਿਆ। ਇਸ ਕਾਰਨ ਸਿੰਗਟਾਮ ਨੇੜੇ ਬਾਰਦਾਂਗ ਵਿਖੇ ਖੜ੍ਹੀਆਂ ਫੌਜ ਦੀਆਂ ਗੱਡੀਆਂ ਪ੍ਰਭਾਵਿਤ ਹੋਈਆਂ ਹਨ। 23 ਜਵਾਨ ਲਾਪਤਾ ਦੱਸੇ ਜਾ ਰਹੇ ਹਨ ਅਤੇ ਕੁਝ ਵਾਹਨ ਚਿੱਕੜ ਵਿੱਚ ਡੁੱਬੇ ਹੋਣ ਦੀ ਸੂਚਨਾ ਹੈ। ਤਲਾਸ਼ੀ ਮੁਹਿੰਮ ਜਾਰੀ ਹੈ।
ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਵੀ ਸਿੰਗਟਾਮ ਵਿੱਚ ਆਏ ਹੜ੍ਹ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ। ਚੁੰਗਥਾਂਗ ਡੈਮ ਤੋਂ ਅਚਾਨਕ ਪਾਣੀ ਛੱਡੇ ਜਾਣ ਕਾਰਨ ਹੇਠਾਂ ਵੱਲ ਪਾਣੀ ਦਾ ਪੱਧਰ 15-20 ਫੁੱਟ ਵਧ ਗਿਆ ਹੈ। ਇਸ ਕਾਰਨ ਸਿੰਗਟਾਮ ਨੇੜੇ ਬਾਰਦਾਂਗ ਵਿਖੇ ਖੜ੍ਹੀਆਂ ਫੌਜ ਦੀਆਂ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਜਿੱਥੇ 23 ਜਵਾਨ ਲਾਪਤਾ ਹਨ, ਉੱਥੇ ਹੀ ਫੌਜ ਦੀਆਂ 41 ਗੱਡੀਆਂ ਵੀ ਚਿੱਕੜ ਵਿੱਚ ਡੁੱਬ ਗਈਆਂ ਹਨ। ਫੌਜ ਨੂੰ ਬਚਾਅ ਕਾਰਜਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਖੇਤਰ ਵਿੱਚ ਘੱਟ ਇੰਟਰਨੈਟ ਕਨੈਕਟੀਵਿਟੀ ਹੈ।
ਭਾਰੀ ਮੀਂਹ ਕਾਰਨ ਦਾਰਜੀਲਿੰਗ ਅਤੇ ਸਿਲੀਗੁੜੀ ਵਿੱਚ ਵੀ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਤੀਸਤਾ ਨਦੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਕਲੀਮਪੋਂਗ ਨੈਸ਼ਨਲ ਹਾਈਵੇਅ ਦਾ ਕੁਝ ਹਿੱਸਾ ਰੁੜ੍ਹ ਗਿਆ, ਜਿਸ ਕਾਰਨ ਬੰਗਾਲ ਦਾ ਸਿੱਕਮ ਨਾਲ ਸੰਪਰਕ ਟੁੱਟ ਗਿਆ ਹੈ। ਉੱਤਰੀ ਬੰਗਾਲ ਦੇ ਹੋਰ ਇਲਾਕਿਆਂ ਵਿੱਚ ਵੀ ਹੜ੍ਹ ਦਾ ਖ਼ਤਰਾ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਉੱਤਰੀ ਅਤੇ ਦੱਖਣੀ ਬੰਗਾਲ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।