ਸ਼੍ਰੀਨਗਰ, 11 ਸਤੰਬਰ – ਜੰਮੂ ਕਸ਼ਮੀਰ ਪੁਲੀਸ ਵੱਲੋਂ ਬਾਰਾਮੂਲਾ ਜ਼ਿਲ੍ਹੇ ਵਿੱਚ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਤਵਾਦੀਆਂ ਦੀ ਭਰਤੀ ਸੰਬੰਧੀ ਮਾਡਿਊਲ ਦਾ ਖੁਲਾਸਾ ਕੀਤਾ ਗਿਆ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਬੀਤੀ ਸ਼ਾਮ ਕ੍ਰੀਰੀ ਇਲਾਕੇ ਦੇ ਚੱਕ ਟੱਪਰ ਵਿੱਚ ਇਕ ਨਾਕਾ ਲਗਾਇਆ ਸੀ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੱਕੀ ਤਰੀਕੇ ਨਾਲ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਫੜਿਆ ਇਹਨਾਂ ਦੇ ਕਬਜ਼ੇ ਤੋਂ ਤਿੰਨ ਗ੍ਰਨੇਡ ਅਤੇ ਏ.ਕੇ. ਦੀਆਂ 30 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਲਤੀਫ਼ ਅਹਿਮਦ ਡਾਰ, ਸ਼ੌਕਤ ਅਹਿਮਦ ਲੋਨ ਅਤੇ ਇਸ਼ਰਤ ਰਸੂਲ ਵਜੋਂ ਹੋਈ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਹਿਯੋਗੀ ਹੋਣ ਦੀ ਗੱਲ ਕਬੂਲ ਕੀਤੀ। ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਤਿੰਨਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਕ੍ਰੀਰੀ ਇਲਾਕੇ ਵਿੱਚ ਚਾਰ ਨੌਜਵਾਨਾਂ ਦੀ ਪਹਿਚਾਨ ਕੀਤੀ ਸੀ ਅਤੇ ਉਹ ਨਜ਼ਦੀਕੀ ਭਵਿੱਖ ਵਿੱਚ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਕਰਨ ਵਾਲੇ ਸਨ। ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ ਕ੍ਰੀਰੀ ਇਲਾਕੇ ਵਿੱਚ ਭਰਤੀ ਮਾਡਿਊਲ ਦੇ ਮਾਸਟਰਮਾਈਂਡ ਸਨ ਅਤੇ ਸਰਗਰਮ ਅੱਤਵਾਦੀ ਉਮਰ ਲੋਨ ਅਤੇ ਵਿਦੇਸ਼ੀ ਅੱਤਵਾਦੀ ਉਸਮਾਨ ਦੇ ਵੀ ਸੰਪਰਕ ਵਿੱਚ ਸਨ।