ਐਸ ਏ ਐਸ ਨਗਰ, 23 ਅਗਸਤ – ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਮਿਤੀ 26 ਅਗਸਤ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਦੇ ਘਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਯੂਨੀਅਨ ਦੀ ਮੁਹਾਲੀ ਇਕਾਈ ਦੀ ਇੱਕ ਮੀਟਿੰਗ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ, ਜਿਲ੍ਹਾ ਪ੍ਰਧਾਨ ਕਰਮਾਪੁਰੀ ਨੇ ਕਿਹਾ ਕਿ ਜਥੇਬੰਦੀ ਵਲੋਂ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਮੰਤਰੀ ਅਤੇ ਐਚ ਓ ਡੀ ਸਮੇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਾਰ ਵਾਰ ਮੀਟਿੰਗਾਂ ਹੋ ਚੁਕੀਆਂ ਹਨ ਪ੍ਰੰਤੂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ਉਹਨਾਂ ਕਿਹਾ ਕਿ ਯੂਨੀਅਨ ਦੀਆਂ ਪ੍ਰਮੁੱਖ ਮੰਗਾਂ ਵਿੱਚ 110 ਦੇ ਲੱਗਭੱਗ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਾਰਿਆਂ ਤੋਂ ਇਲਾਵਾ ਕੁੱਝ ਵੀ ਪ੍ਰਾਪਤ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਪਿਛਲੇ 15-20 ਸਾਲਾ ਤੋਂ ਵਿਭਾਗ ਅੰਦਰ ਕੱਚੇ ਤੌਰ ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਕਰਮਚਾਰੀਆਂ ਦੀਆਂ ਬਾਕੀ ਮੰਗਾਂ ਵੀ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਾਰਨ ਫੀਲਡ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼ਿਵੇਦਰ ਕੁਮਾਰ, ਸੁਰੇਸ਼ ਕੁਮਾਰ ਠਾਕੁਰ, ਸ਼ੀਤਲਾ ਪ੍ਰਸ਼ਾਦ, ਹਨੂੰਮਾਨ ਪ੍ਰਸ਼ਾਦ, ਦਿਲਦਾਰ ਸਿੰਘ ਸੁਹਾਣਾ, ਵਿਜੇ ਲਹੌਰੀਆ, ਤਰਸੇਮ ਲਾਲ ਦੱਪਰ, ਬਲਬੀਰ ਸਿੰਘ ਜਾਸਤਨਾ, ਸਤੀਸ਼ ਕੁਮਾਰ ਲਾਲੜੂ ਸ਼ਾਮਲ ਹੋਏ।