ਸ੍ਰੀ ਅਨੰਦਪੁਰ ਸਾਹਿਬ, 11 ਜੂਨ 2020 – ਅੱਜ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਨੇ ਜਿਲ੍ਹੇ ਵਿਚ ਸੜਕਾਂ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ ਅਤੇ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀਆਂ ਸੜਕਾਂ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਕਰ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਤਰ ਵਿਚ ਸੜਕਾਂ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜਾ ਲੈਣ ਲਈ ਪੁੱਜੇ ਸਨ।ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਦੀਪ ਸ਼ਿਖਾ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨਿਅਰ ਸ੍ਰੀ ਵਿਸ਼ਾਲ ਗੁਪਤਾ ਅਤੇ ਐਸ.ਡੀ.ਓ ਬ੍ਰਹਮਜੀਤ ਸਿੰਘ ਵੀ ਸਨ।ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਤੋ ਮਾਤਾ ਸ੍ਰੀ ਨੈਣਾਂ ਦੇਵੀ ਸੜਕ ਰੂਪਨਗਰ ਜਿਲ੍ਹੇ ਦੀ ਹੱਦ ਅੰਦਰ 6.11 ਕਿਲੋਮੀਟਰ ਲਾਗਤ 4 ਕਰੋੜ ਅਤੇ ਸ੍ਰੀ ਅਨੰਦਪੁਰ ਸਾਹਿਬ ਤੋ ਗੜ੍ਹਸ਼ੰਕਰ ਸੜਕ ਰੂਪਨਗਰ ਜਿਲੇ ਦੀ ਹੱਦ ਅੰਦਰ 16.77 ਕਿਲੋਮੀਟਰ ਲਾਗਤ 18 ਕਰੋੜ ਦੇ ਨਿਰਮਾਣ ਕਾਰਜ ਦਾ ਜਾਇਜਾ ਲਿਆ।
ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਝੱਜ ਚੋਂਕ ਤੋ ਨੂਰਪੁਰ ਬੇਦੀ ਤੱਕ ਸੜਕ 32 ਕਿਲੋਮੀਟਰ ਲਾਗਤ 40 ਕਰੋੜ ਰੁਪਏ ਅਤੇ ਨੂਰਪੁਰ ਬੇਦੀ ਤੋ ਬਲਾਚੋਰ ਸੜਕ 11 ਕਿਲੋਮੀਟਰ ਲਾਗਤ 10 ਕਰੋੜ ਰੁਪਏ ਬਾਰੇ ਵੀ ਲੋਕ ਨਿਰਮਾਣ ਅਧਿਕਾਰੀਆਂ ਤੋ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜੋ ਸੜਕਾਂ ਦਾ ਨਿਰਮਾਣ ਚੱਲ ਰਿਹਾ ਹੈ ਅਤੇ ਜਿਹੜੀਆਂ ਸੜਕਾਂ ਦਾ ਨਿਰਮਾਣ ਭਵਿੱਖ ਵਿਚ ਵੀ ਕਰਵਾਇਆ ਜਾਣਾ ਹੈ ਉਸ ਨੂੰ ਮਿਆਰੀ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਨੂੰ ਪੂਰੀ ਜਿੰਮੇਵਾਰੀ ਮਿਹਨਤ ਲਗਤ ਅਤੇ ਪੂਰੀ ਤਨਦੇਹੀ, ਮਿਹਨਤ ਅਤੇ ਲਗਨ ਨਾਲ ਕੰਮ ਮੁਕੰਮਲ ਕਰਵਾਉਣ ਦੇ ਨਿਰਦੇਸ ਦਿੱਤੇ ਗਏ ਹਨ ਤਾਂ ਜੋ ਸੜਕਾਂ ਦਾ ਨਿਰਮਾਣ ਵਧੀਆ ਤਰੀਕੇ ਨਾਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਲੋਕਾਂ ਦੀ ਅਰਸੇ ਪੁਰਾਣੀ ਇਨ੍ਹਾਂ ਸੜਕਾ ਦੇ ਨਿਰਮਾਣ ਕਰਵਾਉਣ ਦੀ ਮੰਗ ਪੂਰੀ ਹੋਈ ਹੈ, ਜਲਦੀ ਹੀ ਇਨ੍ਹਾਂ ਸੜਕਾ ਦਾ ਨਿਰਮਾਣ ਮੁਕੰਮਲ ਕਰਕੇ ਇਨ੍ਹਾਂ ਨੂੰ ਲੋਕ ਅਰਪਣ ਕੀਤਾ ਜਾਵੇਗਾ।