ਐਸ ਏ ਐਸ ਨਗਰ, 23 ਅਗਸਤ- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖਰੜ ਵੱਲੋਂ ਪਿੰਡ ਰੁੜਕੀ ਪੁਖਤਾ ਵਿਖੇ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਮੌਕੇ ਡਾ. ਜਸਵਿੰਦਰ ਸਿੰਘ ਏ. ਡੀ. ਉ. ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ ਨਗਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਲਗਾਏ ਜਾ ਰਹੇ ਇਹਨਾਂ ਕੈਂਪਾਂ ਲਈ ਬਲਾਕ ਖੇਤੀਬਾੜੀ ਅਫਸਰ ਡਾ. ਸੰਦੀਪ ਕੁਮਾਰ ਵੱਲੋਂ ਸਰਕਲ ਵਾਈਜ਼ ਟੀਮਾਂ ਬਣਾਇਆ ਗਈਆਂ ਹਨ ਜੋ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਕਿਸਾਨ ਕੈਂਪ ਲਗਾ ਕੇ ਜਾਗਰੂਕ ਕਰਨਗੀਆਂ।
ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਪਰਾਲੀ ਦੀ ਰਹਿੰਦ-ਖੂੰਹਦ ਦੇ ਜ਼ਮੀਨ ਵਿੱਚ ਗਾਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਜਰੂਰੀ ਪੌਸ਼ਟਿਕ ਤੱਤਾਂ ਵਿੱਚ ਵਾਧਾ ਹੁੰਦਾ ਹੈ। ਉਹਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੇ ਮਿੱਤਰ ਕੀੜੇ ਮਰ ਜਾਂਦੇ ਹਨ ਜੋ ਕਿ ਜ਼ਮੀਨ ਲਈ ਲਾਭਦਾਇਕ ਹੁੰਦੇ ਹਨ ਅਤੇ ਵਾਤਾਵਰਣ ਵੀ ਸਾਫ ਸੁਥਰਾ ਨਹੀ ਰਹਿੰਦਾ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖਾਦਾਂ ਦੀ ਸਹੀ ਵਰਤੋਂ ਕੀਤੀ ਜਾਏ ਅਤੇ ਬੇਲੋੜੀਆਂ ਰਸਾਇਣਾਂ ਦੀ ਵਰਤੋ ਤੋਂ ਗੁਰੇਜ਼ ਕੀਤਾ ਜਾਏ।
ਕੈਂਪ ਦੌਰਾਨ ਵਿਭਾਗ ਦੇ ਏ. ਐਸ. ਆਈ ਹਰਚੰਦ ਸਿੰਘ, ਕੁਲਵਿੰਦਰ ਸਿੰਘ ਸੈਕਟਰੀ ਘੜੂੰਆ, ਜਰਨੈਲ ਸਿੰਘ, ਤੇਜਵਿੰਦਰ ਸਿੰਘ, ਅਮਰਜੀਤ ਸਿੰਘ ਰੂੜਕੀ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਅਤੇ ਹੋਰ ਕਿਸਾਨ ਸ਼ਾਮਿਲ ਸਨ।