ਨੂਹ, 22 ਅਗਸਤ- ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਦੇ ਦੋਸ਼ੀਆਂ ਤੇ ਪੁਲੀਸ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਪੁਲੀਸ ਨੇ ਅੱਜ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਕਾਬਲੇ ਮਗਰੋਂ ਦੋਸ਼ੀ ਆਮਿਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਡਿਢਾਰਾ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਅਤੇ ਉਸ ਦੇ ਸਹਿਯੋਗੀਆਂ ਦੇ ਤਾਵੜੂ ਨੇੜੇ ਅਰਾਵਲੀ ਪਹਾੜੀਆਂ ਵਿਚ ਲੁੱਕੇ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਦੋਸ਼ੀ ਨੇ ਪੁਲੀਸ ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਉਸ ਦੇ ਪੈਰ ਵਿੱਚ ਗੋਲੀ ਲੱਗ ਗਈ। ਜਿਸ ਤੋਂ ਬਾਅਦ ਪੁਲੀਸ ਨੇ ਦੋਸ਼ੀ ਆਮਿਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਇਲਾਜ ਲਈ ਨਲਹੜ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਤਲਾਸ਼ੀ ਦੌਰਾਨ ਪੁਲੀਸ ਨੂੰ ਉਸ ਤੋਂ ਗੈਰ-ਕਾਨੂੰਨੀ ਦੇਸੀ ਕੱਟਾ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਨੂਹ ਅਪਰਾਧ ਜਾਂਚ ਸ਼ਾਖਾ ਨਿਰੀਖਣ ਅਮਿਤ ਨੂੰ ਸੂਚਨਾ ਮਿਲੀ ਕਿ ਹਿੰਸਾ ਦੇ ਮਾਮਲੇ ਵਿੱਚ ਸ਼ਾਮਲ ਇਕ ਦੋਸ਼ੀ ਆਮਿਰ ਸੀਲਖੋ ਪਹਾੜ ਦੇ ਇਕ ਖੰਡਰ ਵਿਚ ਹੈ। ਸੂਚਨਾ ਮਿਲਦੇ ਹੀ ਗਠਿਤ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਦੋਸ਼ੀ ਵਲੋਂ ਫਾਇਰ ਕੀਤਾ ਗਿਆ। ਜਿਸ ਤੋਂ ਬਾਅਦ ਸੀ. ਆਈ. ਏ. ਟੀਮ ਵਲੋਂ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ ਗਈ। ਇਸ ਮੁਕਾਬਲੇ ਵਿੱਚ ਦੋਸ਼ੀ ਦੇ ਖੱਬੇ ਪੈਰ ਵਿੱਚ ਗੋਲੀ ਲੱਗੀ।
ਇਸ ਤੋਂ ਪਹਿਲਾਂ 10 ਅਗਸਤ ਨੂੰ ਦੋ ਦੋਸ਼ੀਆਂ ਦਾ ਪੁਲੀਸ ਨੇ ਐਨਕਾਊਂਟਰ ਕੀਤਾ ਸੀ। ਦੋਹਾਂ ਦੋਸ਼ੀਆਂ ਦੇ ਪੈਰ ਵਿੱਚ ਗੋਲੀ ਲੱਗੀ ਸੀ। ਨੂਹ ਹਿੰਸਾ ਦੇ ਦੋਹਾਂ ਦੋਸ਼ੀਆਂ ਦਾ ਨਾਂ ਮੁਨਸੈਦ ਅਤੇ ਸੈਕੂਲ ਹੈ। ਦੋਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਦੋਹਾਂ ਪਾਸਿਓਂ ਫਾਇਰਿੰਗ ਹੋਈ। ਪੁਲੀਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਤੋਂ ਬਾਅਦ ਦੋ ਦੋਸ਼ੀਆਂ ਦੇ ਪੈਰ ਵਿੱਚ ਗੋਲੀ ਲੱਗੀ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਨੂੰ ਲੈ ਕੇ 31 ਜੁਲਾਈ ਨੂੰ ਨੂਹ ਵਿੱਚ ਸ਼ੁਰੂ ਹੋਈ ਝੜਪ ਗੁਰੂਗ੍ਰਾਮ ਤੱਕ ਫੈਲ ਗਈ ਸੀ। ਇਸ ਹਿੰਸਾ ਵਿਚ ਦੋ ਹੋਮ ਗਾਰਡ ਅਤੇ ਇਕ ਮੌਲਵੀ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਸੀ।