ਮੁੰਬਈ, 22 ਅਗਸਤ – ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਸ ਦੀ ਉਮਰ 40 ਸਾਲ ਦੇ ਕਰੀਬ ਸੀ। ਉਹ ਪਿਛਲੇ 10 ਦਿਨਾਂ ਤੋਂ ਹਿਸਾਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ। ਉਸ ਨੂੰ ਕਾਲਾ ਪੀਲੀਆ ਸੀ, ਜਿਸ ਕਾਰਨ ਲੀਵਰ ਤੇ ਫੇਫੜਿਆਂ ਵਿੱਚ ਇੰਫੈਕਸ਼ਨ ਹੋ ਗਈ ਸੀ। ਸਿਹਤ ਵਿਗੜਨ ਕਾਰਨ ਉਹ ਵੈਂਟੀਲੇਟਰ ਤੇ ਸੀ।
ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਰਾਵਤਸਰ ਖੇੜਾ ਵਿਖੇ ਕੀਤਾ ਜਾਵੇਗਾ। ਉਹ ਹਿਸਾਰ ਦੇ ਆਜ਼ਾਦਨਗਰ ਵਿੱਚ ਰਹਿੰਦਾ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਰਿਸ਼ਤੇਦਾਰ ਤੇ ਪ੍ਰਸ਼ੰਸਕ ਹਿਸਾਰ ਪਹੁੰਚਣੇ ਸ਼ੁਰੂ ਹੋ ਗਏ।
ਰਾਜੂ ਪੰਜਾਬੀ ਦਾ ਇਲਾਜ ਹਿਸਾਰ ਵਿੱਚ ਚੱਲ ਰਿਹਾ ਸੀ। ਇਲਾਜ ਦੌਰਾਨ ਉਹ ਠੀਕ ਹੋ ਕੇ ਘਰ ਚਲੇ ਗਏ ਪਰ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਰਾਜੂ ਪੰਜਾਬੀ ਵਿਆਹਿਆ ਹੋਇਆ ਸੀ। ਉਸ ਦੀਆਂ 3 ਧੀਆਂ ਹਨ।
ਉਹ ਹਰਿਆਣਾ, ਪੰਜਾਬ ਤੇ ਰਾਜਸਥਾਨ ਵਿੱਚ ਜਾਣਿਆ-ਪਛਾਣਿਆ ਚਿਹਰਾ ਸੀ। ਉਨ੍ਹਾਂ ਨੇ ਹਰਿਆਣਾ ਦੀ ਮਿਊਜ਼ਿਕ ਇੰਡਸਟਰੀ ਨੂੰ ਨਵੀਂ ਪਛਾਣ ਦਿੱਤੀ। ਹਰਿਆਣਵੀ ਗੀਤਾਂ ਨੂੰ ਨਵੀਂ ਦਿਸ਼ਾ ਦਿੱਤੀ।
ਰਾਜੂ ਪੰਜਾਬੀ ਦਾ ਆਖਰੀ ਗੀਤ 12 ਅਗਸਤ ਨੂੰ ਰਿਲੀਜ਼ ਹੋਇਆ ਸੀ। ਹਾਲਾਂਕਿ ਇਸ ਦੌਰਾਨ ਉਸ ਨੂੰ ਹਸਪਤਾਲ ਵਿੱਚ ਹੀ ਦਾਖ਼ਲ ਕਰਵਾਇਆ ਗਿਆ। ਇਸ ਗੀਤ ਨੂੰ ਤਿਆਰ ਕਰਨ ਵਿੱਚ 2 ਸਾਲ ਦਾ ਸਮਾਂ ਲੱਗਾ ਹੈ।