ਐਸ ਏ ਐਸ ਨਗਰ, 22 ਅਗਸਤ – ਮਾਨਵ ਜਨ ਕਲਿਆਣ ਸੇਵਾ ਸਮਿਤੀ ਵੱਲੋਂ ਸੰਸਥਾ ਦੇ ਪ੍ਰਧਾਨ ਬੀ ਐਨ ਗਿਰੀ ਨੇ ਮੰਗ ਕੀਤੀ ਹੈ ਕਿ ਪਿੰਡ ਬਲੌਗੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹਲ ਕੀਤਾ ਜਾਵੇ। ਇਸ ਸੰਬੰਧੀ ਉਹਨਾਂ ਵਲੋਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਪੱਤਰ ਵਿਚ ਕਿਹਾ ਗਿਆ ਹੈ ਕਿ ਪਿੰਡ ਬਲੌਗੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਚੱਲ ਰਹੀ ਹੈ। ਇਸ ਦੌਰਾਨ ਸਰਕਾਰੀ ਟੂਟੀਆਂ ਵਿੱਚ ਜਾਂ ਤਾਂ ਪਾਣੀ ਆਉਂਦਾ ਹੀ ਨਹੀਂ ਹੈ ਅਤੇ ਜੇ ਪਾਣੀ ਆਉਂਦਾ ਹੈ ਤਾਂ ਗੰਦਾ ਪਾਣੀ ਆਉਣ ਕਰਕੇ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਰਕੇ ਪਿੰਡ ਵਾਸੀਆਂ ਨੂੰ ਪਾਣੀ ਨਾ ਆਉਣ ਕਾਰਨ ਅਤੇ ਗੰਦੇ ਪਾਣੀ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਉਹਨਾਂ ਵਲੋਂ ਪਿੰਡ ਵਿੱਚ ਪਾਣੀ ਨਾ ਆਉਣ ਅਤੇ ਗੰਦੇ ਪਾਣੀ ਦੀ ਸਪਲਾਈ ਦੀ ਸਮੱਸਿਆ ਦੇ ਹਲ ਲਈ ਡਿਪਟੀ ਕਮਿਸ਼ਨਰ ਦਫਤਰ ਵਿੱਚ ਸ਼ਿਕਾਇਤ ਦਿੱਤੀ ਸੀ। ਉਹਨਾਂ ਕਿਹਾ ਕਿ ਸੈਕਟਰ 57, ਮੁਹਾਲੀ ਦੇ ਪਾਣੀ ਦੀ ਪਾਈਪ ਲਾਈਨ ਬਲੌਂਗੀ ਦੇ ਨਾਲ ਲੱਗਦੀ ਹੈ ਅਤੇ ਸੈਕਟਰ 57 ਵਿਚਲੀ ਪਾਈਪ ਲਾਈਨਾਂ ਰਾਹੀਂ ਬਲੌਂਗੀ ਨੂੰ ਸਾਫ ਸੁਥਰਾ ਪਾਣੀ ਮੁਹਈਆ ਕਰਵਾਇਆ ਜਾ ਸਕਦਾ ਹੈ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪਿੰਡ ਬਲੌਗੀ ਵਿੱਚ ਸਰਕਾਰੀ ਟੂਟੀਆਂ ਰਾਹੀਂ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਜਾਂਚ ਕਰਵਾਈ ਜਾਵੇ ਅਤੇ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਕਰਕੇ ਪਿੰਡ ਵਾਸੀਆਂ ਦੀ ਮਦਦ ਕੀਤੀ ਜਾਵੇ। ਇਸ ਮੌਕੇ ਮੀਤ ਪ੍ਰਧਾਨ ਮੁਕੇਸ਼ ਕੁਮਾਰ, ਕੈਸ਼ੀਅਰ ਵਿਜੈ ਪਾਠਕ, ਜਨਰਲ ਸਕੱਤਰ ਮਨੀਸ਼ ਕੁਮਾਰ ਹਾਜਿਰ ਸਨ।