ਕੁਆਲਾਲੰਪੁਰ, 18 ਅਗਸਤ- ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਬੀਤੇ ਦਿਨ ਇਕ ਹਵਾਈ ਅੱਡੇ ਤੇ ਉਤਰਨ ਦੀ ਕੋਸ਼ਿਸ਼ ਦੌਰਾਨ ਇਕ ਛੋਟਾ ਨਿੱਜੀ ਜੈਟ ਮੋਟਰਸਾਈਕਲ ਅਤੇ ਕਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਜਹਾਜ਼ ਵਿੱਚ ਸਵਾਰ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਥੋਂ ਲੰਘ ਰਹੇ ਦੋ ਮੋਟਰਸਾਈਕਲ ਸਵਾਰਾਂ ਦੀ ਵੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਛੇ ਯਾਤਰੀ ਅਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ। ਇਹ ਜਹਾਜ਼ ਦੁਪਹਿਰ ਕਰੀਬ 2 ਵਜੇ ਐਲਮੀਨਾ ਟਾਊਨਸ਼ਿਪ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਸੇਲਾਂਗੋਰ ਪੁਲੀਸ ਮੁਖੀ ਹੁਸੈਨ ਉਮਰ ਖਾਨ ਨੇ ਮੀਡੀਆ ਨੂੰ ਦੱਸਿਆ ਕਿ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ ਅਤੇ ਹਾਈਵੇਅ ਤੇ ਇਕ ਮੋਟਰਸਾਈਕਲ ਅਤੇ ਇਕ ਕਾਰ ਨਾਲ ਟਕਰਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਐਮਰਜੈਂਸੀ ਨਹੀਂ ਸੀ ਅਤੇ ਜਹਾਜ਼ ਨੂੰ ਲੈਂਡ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ। ਹਾਦਸੇ ਤੋਂ ਬਾਅਦ ਪੁਲੀਸ ਅਤੇ ਬਚਾਅ ਕਰਮਚਾਰੀਆਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਮਲੇਸ਼ੀਆ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਕਿਹਾ ਕਿ ਫਲਾਈਟ ਲੰਗਕਾਵੀ ਟਾਪੂ ਤੋਂ ਰਵਾਨਾ ਹੋਈ ਸੀ ਅਤੇ ਰਾਜਧਾਨੀ ਕੁਆਲਾਲੰਪੁਰ ਨੇੜੇ ਸੇਲਾਂਗੋਰ ਦੇ ਸੁਲਤਾਨ ਅਬਦੁਲ ਅਜ਼ੀਜ਼ ਸ਼ਾਹ ਹਵਾਈ ਅੱਡੇ ਤੇ ਉਤਰਨ ਵਾਲੀ ਸੀ।
ਸੀਏਏਐਮ ਦੇ ਮੁੱਖ ਕਾਰਜਕਾਰੀ ਨੌਰਾਜ਼ਮਾਨ ਮਹਿਮੂਦ ਨੇ ਕਿਹਾ ਕਿ ਜਹਾਜ਼ ਨੇ ਦੁਪਹਿਰ 2:47 ਵਜੇ ਸੁਬਾਂਗ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲ ਪਹਿਲਾ ਸੰਪਰਕ ਕੀਤਾ ਅਤੇ ਦੁਪਹਿਰ 2:48 ਵਜੇ ਲੈਂਡਿੰਗ ਲਈ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਦੁਪਹਿਰ 2:51 ਵਜੇ ਸੁਬਾਂਗ ਏਅਰ ਟ੍ਰੈਫਿਕ ਕੰਟਰੋਲ ਟਾਵਰ ਨੇ ਹਾਦਸੇ ਵਾਲੀ ਥਾਂ ਤੋਂ ਧੂੰਆਂ ਨਿਕਲਦਾ ਦੇਖਿਆ, ਪਰ ਇਸ ਵਿਚਕਾਰ ਜਹਾਜ਼ ਨੂੰ ਕੋਈ ਐਮਰਜੈਂਸੀ ਕਾਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਉਡਾਣ ਮਲੇਸ਼ੀਆ ਦੀ ਪ੍ਰਾਈਵੇਟ ਜੈਟ ਸੇਵਾ ਦੁਆਰਾ ਚਲਾਈ ਗਈ ਸੀ। ਸਥਾਨਕ ਮੀਡੀਆ ਨੇ ਕੰਪਨੀ ਦੇ ਹਵਾਲੇ ਨਾਲ ਕਿਹਾ ਹੈ ਕਿ ਉਹ ਜਾਂਚ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਕਰੇਗੀ।