ਇੰਦੌਰ, 18 ਅਗਸਤ – ਮੱਧ-ਪ੍ਰਦੇਸ਼ ਦੀ ਰਾਜਧਾਨੀ ਇੰਦੌਰ ਵਿੱਚ ਪਾਲਤੂ ਕੁੱਤਿਆਂ ਦੇ ਝਗੜੇ ਵਿਚ ਬੀਤੀ ਰਾਤ ਇਕ ਬੈਂਕ ਦੇ ਸੁਰੱਖਿਆ ਗਾਰਡ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 6 ਜ਼ਖ਼ਮੀ ਹੋ ਗਏ। ਪੁਲੀਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਆਫ ਬੜੌਦਾ ਦੀ ਇਕ ਸਥਾਨਕ ਬ੍ਰਾਂਚ ਵਿੱਚ ਸੁਰੱਖਿਆ ਗਾਰਡ ਦੇ ਰੂਪ ਵਿੱਚ ਤਾਇਨਾਤ ਰਾਜਪਾਲ ਰਾਜਾਵਤ ਨੇ ਪਾਲਤੂ ਕੁੱਤਿਆਂ ਦੇ ਝਗੜੇ ਦੇ ਵਿਵਾਦ ਵਿੱਚ ਖਜਰਾਨਾ ਥਾਣਾ ਖੇਤਰ ਵਿੱਚ ਬੀਤੀ ਰਾਤ ਆਪਣੀ ਲਾਈਸੈਂਸੀ ਬੰਦੂਕ ਨਾਲ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿੱਚ ਵਿਮ (35) ਅਤੇ ਰਾਹੁਲ ਵਰਮਾ (28) ਦੀ ਮੌਤ ਹੋ ਗਈ, ਜਦਕਿ 6 ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਰਾਜਾਵਤ ਕ੍ਰਿਸ਼ਣਬਾਗ ਕਲੋਨੀ ਵਿੱਚ ਆਪਣਾ ਪਾਤਲੂ ਕੁੱਤਾ ਘੁੰਮਾ ਰਿਹਾ ਸੀ। ਇਹ ਕੁੱਤਾ ਇਕ ਹੋਰ ਗੁਆਂਡੀ ਦੇ ਕੁੱਤੇ ਨਾਲ ਝਗੜਨ ਲੱਗਾ ਜਿਸ ਨਾਲ ਦੋਵਾਂ ਗੁਆਂਢੀਆਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਨੇ ਦੱਸਿਆ ਕਿ ਵਿਵਾਦ ਇੰਨਾ ਵੱਧ ਗਿਆ ਕਿ ਰਾਜਾਵਤ ਆਪਣੇ ਘਰ ਗਿਆ ਅਤੇ ਛੱਤ ਤੇ ਖੜ੍ਹਾ ਹੋ ਕੇ ਪਹਿਲਾਂ ਹਵਾ ਵਿੱਚ ਦੋ ਵਾਰ ਗੋਲੀ ਚਲਾਈ ਅਤੇ ਬਾਅਦ ਵਿੱਚ ਹੇਠਾਂ ਸੜਕ ਤੇ ਖੜ੍ਹੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੇ ਦੋਸ਼ੀ ਸੁਰੱਖਿਆ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੀ 12 ਬੋਰ ਦੀ ਦੋ ਬੈਰਲ ਵਾਲੀ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਘਟਨਾਕ੍ਰਮ ਨਾਲ ਜੁੜੇ ਦੋਵਾਂ ਗੁਆਂਢੀ ਪੱਖਾਂ ਵਿਚਾਲੇ ਕੋਈ ਪੁਰਾਣਾ ਝਗੜਾ ਨਹੀਂ ਸੀ ਅਤੇ ਗੋਲੀਬਾਰੀ ਦੀ ਵਾਰਦਾਤ ਕੁੱਤਿਆਂ ਦੀ ਲੜਾਈ ਦੇ ਤੁਰੰਤ ਝਗੜੇ ਨੂੰ ਲੈ ਕੇ ਵਾਪਰੀ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।